ਅੰਮ੍ਰਿਤਸਰ, 13 ਮਾਰਚ (ਖਬ਼ਰ ਖਾਸ ਬਿਊਰੋ)
ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਤਿੰਮੋਵਾਲ ਦੇ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਵਿਖੇ 13 ਸਾਲ ਦੇ ਲੜਕੇ ਦੀ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੇ ਦੌਰਾਨ ਅਚਨਚੇਤ ਪੈਰ ਤਿਲਕਣ ਨਾਲ ਛੱਤ ਤੋਂ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਗੁਰਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਸਾਹਿਬ ਸਿੰਘ ਜਿਸ ਦੀ ਉਮਰ 13 ਸਾਲ ਹੈ ਅਤੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਿਹਾ ਸੀ ਅਤੇ ਛੱਤ ਤੋਂ ਪੈਰ ਤਿਲਕਣ ਨਾਲ ਉਹ ਹੇਠਾਂ ਡਿੱਗ ਗਿਆ।
ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਸੰਗਤ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਮੌਕੇ ’ਤੇ ਹੀ ਜ਼ਖ਼ਮੀ ਹਾਲਤ ’ਚ ਗੁਰਸਾਹਿਬ ਸਿੰਘ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਕਿ ਉਸਦਾ ਤਿੰਨ ਤੋਂ ਚਾਰ ਦਿਨ ਇਲਾਜ ਚੱਲਿਆ ਅਤੇ ਬਾਅਦ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਹੁਣ ਪੂਰੇ ਪਿੰਡ ’ਚ ਇਸ ਸਮੇਂ ਸੋਗ ਦੀ ਲਹਿਰ ਹੈ। ਉਹਨਾਂ ਦੱਸਿਆ ਕਿ ਗੁਰਸਾਹਿਬ ਸਿੰਘ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀ ਅਤੇ ਹੁਣ ਪੂਰਾ ਪਰਿਵਾਰ ਸੋਗ ਦੀ ਲਹਿਰ ਵਿੱਚ ਹੈ।