ਸ੍ਰੀ ਆਨੰਦਪੁਰ ਸਾਹਿਬ, 13 ਮਾਰਚ (ਖਬ਼ਰ ਖਾਸ ਬਿਊਰੋ)
ਖਾਲਸੇ ਦੀ ਚੜ੍ਹਦੀ ਕਲਾ ਤੇ ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦਾ ਦੂਜਾ ਪੜਾਅ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਨ ਨਾਲ ਹੋ ਗਿਆ। ਹੋਲਾ ਮਹੱਲਾ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਹੋਲੇ ਮਹੱਲੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੀਆਂ ਸੰਗਤਾਂ ਨੂੰ ਹੋਲਾ ਮਹੱਲਾ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਸੰਗਤਾਂ ਨਾਲ ਹੋਲਾ ਮਹੱਲਾ ਦਾ ਇਤਿਹਾਸ ਸਾਂਝਾ ਕਰਦਿਆਂ ਕਿਹਾ ਕਿ ਸੰਗਤਾਂ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਅਤੇ ਹੋਲਾ ਮਹੱਲਾ ਦੇ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕਰਨ।
ਅਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਸ਼ਾਨਾਮੱਤੇ ਤਿਓਹਾਰ ਹੋਲਾ ਮਹੱਲਾ ਦੇ ਪਹਿਲੇ ਦਿਨ ਨਿਰਮਲ ਭੇਖ ਵੱਲੋਂ ਉਦਾਸੀ ਸੰਪਰਦਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਵਿਸ਼ਾਲ ਨਗਰ ਕੀਰਤਨ ਡੇਰਾ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲਿਆਂ ਦੇ ਅਸਥਾਨ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਇਆ ਗਿਆ। ਇਹ ਨਗਰ ਕੀਰਤਨ ਅਗੰਮਪੁਰ ਚੌਂਕ, ਬੱਸ ਸਟੈਂਡ, ਪੰਜ ਪਿਆਰਾ ਪਾਰਕ, ਕਿਲਾ ਅਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪਾਲਦੀ ਵਾਲੇ ਮਹਾਪੁਰਸ਼ਾਂ ਦੇ ਅਸਥਾਨ ’ਤੇ ਪੜਾਅ ਕਰਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੇਰ ਸ਼ਾਮ ਸੰਪੂਰਨ ਹੋਵੇਗਾ।
ਇਸ ਮੌਕੇ ਮਹੰਤ ਸ੍ਰੀ ਰੇਸ਼ਮ ਸਿੰਘ, ਸੰਤ ਅਮਰਜੀਤ ਸਿੰਘ ਹਰਖੋਵਾਲ ਵਾਲੇ, ਸੰਤ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਸੰਤ ਜੀਤ ਸਿੰਘ ਜੌਹਲਾਂ ਵਾਲੇ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਵਾਲੇ, ਸੰਤ ਬਲਵੀਰ ਸਿੰਘ ਟਿੱਬਾ ਸਾਹਿਬ ਵਾਲੇ, ਸੰਤ ਮਹਾਂਵੀਰ ਸਿੰਘ, ਸੰਤ ਪ੍ਰੀਤਮ ਸਿੰਘ ਬਾੜੀਆ, ਸੰਤ ਬਿਕਰਮਜੀਤ ਸਿੰਘ ਨੰਗਲ ਵਾਲੇ, ਸੰਤ ਬਾਬਾ ਤਰਲੋਚਨ ਸਿੰਘ, ਸੰਤ ਬਲਬੀਰ ਸਿੰਘ ਜੀ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜਾਨੀ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਬਾਬਾ ਨੌਰੰਕ ਸਿੰਘ ਮੰਜੀ ਸਾਹਿਬ ਨਵਾਂ ਸ਼ਹਿਰ, ਸੰਤ ਹਾਕਮ ਸਿੰਘ, ਸੰਤ ਚਮਕੌਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਸੰਤ ਪ੍ਰੀਤਮ ਸਿੰਘ ਡੂਮੇਲੀ ਵਾਲੇ ਵਾਲਿਆਂ ਵੱਲੋਂ ਸਮੂਹ ਮਹਾਪੁਰਖਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਭਾਈ ਗੁਰਦਿਆਲ ਸਿੰਘ ਲੱਖਪੁਰ ਦੇ ਜਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਨਗਰ ਕੀਰਤਨ ਦੇ ਅੱਗੇ ਵੱਖ-ਵੱਖ ਬੈਂਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਵੱਖ-ਵੱਖ ਸਥਾਨਾਂ ਤੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ।
ਨਿਹੰਗ ਸਿੰਘਾਂ ਦੇ ਸਿਰਮੌਰ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਛਾਉਣੀ ਨਿਹੰਗ ਸਿੰਘਾਂ ਨਵੀਂ ਆਬਾਦੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਵਿਰਸਾ ਸੰਭਾਲ ਗਤਕਾ ਮੁਕਾਬਲੇ ਅੱਜ ਤੋਂ ਸ਼ੁਰੂ ਹੋਣਗੇ ਜਿਸ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰੀ ਰਾਜਾਂ ਸਮੇਤ ਕੁਝ ਅੰਤਰਰਾਸ਼ਟਰੀ ਟੀਮਾਂ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ। ਪੱਤਰਕਾਰਾਂ ਨਾਲ ਗੱਲ ਕਰਦੇ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸੰਗਤਾਂ ਹੁੰਮ ਹੁਮਾ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਹੋਲਾ ਮਹੱਲਾ ਦੇ ਸਾਰੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ।
ਗੌਰਤਲਬ ਹੈ ਕਿ ਤਿੰਨ ਦਿਨਾ ਸਮਾਗਮਾਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂਘਰਾਂ ਵਿੱਚ ਨਤਮਸਤਕ ਹੁੰਦੀ ਹੈ। ਸ਼ਨਿੱਚਰਵਾਰ ਨੂੰ ਹੋਲਾ ਮਹੱਲਾ ਦੇ ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਂਦਾ ਹੈ ਜੋ ਕਿ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿੱਚ ਪੁੱਜ ਕੇ ਸੰਪੰਨ ਹੁੰਦਾ ਹੈ। ਹੋਲਾ ਮਹੱਲਾ ਦੇ ਆਖਰੀ ਦਿਨ ਚਰਨ ਗੰਗਾ ਸਟੇਡੀਅਮ ਵਿੱਚ ਨਿਹੰਗ ਸਿੰਘ ਫੌਜਾਂ ਦੇ ਜੰਗਜੂ ਕਰਤੱਬ ਦਿਖਾਏ ਜਾਂਦੇ ਹਨ ਜਿਨ੍ਹਾਂ ਨੂੰ ਦੇਖਣ ਲਈ ਮਾਝਾ, ਮਾਲਵਾ, ਦੋਆਬਾ ਸਮੇਤ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਸੰਗਤੀ ਰੂਪ ਵਿੱਚ ਸੀ ਆਨੰਦਪੁਰ ਸਾਹਿਬ ਵਿਖੇ ਪੁੱਜਦੇ ਹਨ।