ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਵਫਦ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨੂੰ ਮਿਲਿਆ

ਚੰਡੀਗੜ੍ਹ, 12 ਮਾਰਚ (ਖ਼ਬਰ ਖਾਸ ਬਿਊਰੋ)

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ ਸੀ ਈ ਆਰ ਟੀ) ਪੰਜਾਬ ਦੇ ਸਹਾਇਕ ਡਾਇਰੈਕਟਰ ਸ਼੍ਰੀ ਅਨੰਦ ਗੁਪਤਾ ਨੂੰ ਮਿਲਿਆ ਅਤੇ ਪੰਜਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਮੁਲਾਂਕਣ ਪ੍ਰਸ਼ਨ ਪੱਤਰ ਵਿੱਚ ਤਰੁੱਟੀਆ ਅਤੇ ਇਸ ਸ਼੍ਰੇਣੀ ਦੀ ਸਮੁੱਚੀ ਪ੍ਰੀਖਿਆ ਪ੍ਰਬੰਧਾਂ ਸਬੰਧੀ ਕਮੀਆਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ।

ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੀ ਟੀ ਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਅਤੇ ਸੂਬਾ ਸੰਯੁਕਤ ਸਕੱਤਰ ਜਸਵਿੰਦਰ ਔਜਲਾ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਪਹਿਲਾਂ ਮੀਡਿਆ ਰਾਹੀਂ ਅਤੇ ਅੱਜ ਸਹਾਇਕ ਡਾਇਰੈਕਟਰ ਨੂੰ ਮਿਲ ਕੇ ਪੰਜਵੀਂ ਜਮਾਤ ਦੇ ਗਣਿਤ ਦੇ ਮੁਲਾਂਕਣ ਪ੍ਰਸ਼ਨ ਪੱਤਰ ਵਿੱਚ 22ਵੇਂ ਪ੍ਰਸ਼ਨ ਵਿੱਚ ਅੰਕਿਤ ਮੁੱਲ ਦੀ ਥਾਂ ਸਥਾਨਕ ਮੁੱਲ ਲਿਖੇ ਜਾਣ ਅਤੇ 23ਵੇਂ ਪ੍ਰਸ਼ਨ ਦੇ ਹੱਲ ਲਈ ਥਾਂ ਨਾ ਹੋਣ ਅਤੇ 27ਵੇਂ ਪ੍ਰਸ਼ਨ ਦੇ ਹੱਲ ਲਈ ਢੁਕਵਾਂ ਥਾਂ ਨਾ ਹੋਣ ਦਾ ਮੁੱਦਾ ਉਠਾਇਆ ਗਿਆ ਅਤੇ ਇੰਨ੍ਹਾਂ ਪ੍ਰਸ਼ਨਾਂ ਲਈ ਵਿਦਿਆਰਥੀਆਂ ਨੂੰ ਗਰੇਸ ਅੰਕ ਦੇਣ ਦੀ ਮੰਗ ਕੀਤੀ ਗਈ। ਇਸ ‘ਤੇ ਸਹਾਇਕ ਡਾਇਰੈਕਟਰ ਵੱਲੋਂ ਵਫਦ ਨੂੰ ਦੱਸਿਆ ਗਿਆ ਕਿ ਪ੍ਰਸ਼ਨ ਪੱਤਰ ਦੀਆਂ ਤਰੁੱਟੀਆਂ ਸਬੰਧੀ ਮਸਲਾ ਸਬੰਧਤ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕਮੇਟੀ ਲਾਜ਼ਮੀ ਤੌਰ ਤੇ ਵਿਦਿਆਰਥੀਆਂ ਨੂੰ ਨਿਆਂ ਦੇਵੇਗੀ ਅਤੇ ਪੜਤਾਲ ਤੋਂ ਬਾਅਦ ਬਣਦੇ ਗਰੇਸ ਅੰਕ ਦਿੱਤੇ ਜਾਣਗੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਡੀ.ਟੀ.ਐੱਫ. ਆਗੂ ਸੁਖਵਿੰਦਰ ਗਿਰ (ਜਿਲ੍ਹਾ ਪ੍ਰਧਾਨ ਸੰਗਰੂਰ) ਅਤੇ ਵਿਕਰਮਜੀਤ ਮਾਲੇਰਕੋਟਲਾ (ਜਿਲ੍ਹਾ ਪ੍ਰਧਾਨ) ਦੱਸਿਆ ਕਿ ਜੱਥੇਬੰਦੀ ਵੱਲੋਂ ਪੰਜਵੀਂ ਜਮਾਤ ਦੇ ਸਮੁੱਚੇ ਪ੍ਰੀਖਿਆ ਪ੍ਰਬੰਧਾਂ ਸਬੰਧੀ ਕਮੀਆਂ ਜਿੰਨ੍ਹਾਂ ਵਿੱਚ ਸਵੇਰ ਵੇਲੇ ਦੀ ਅਫ਼ਰਾਤਫ਼ਰੀ ਅਤੇ ਅੰਤਰ ਕਲੱਸਟਰ ਡਿਊਟੀਆਂ ਦਾ ਮਸਲਾ ਵੀ ਸਹਾਇਕ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਬਾਰੇ ਉਨ੍ਹਾਂ ਵੱਲੋਂ ਅਗਲੇ ਸਾਲ ਤੋਂ ਇਹਨਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਕਰਨ ਅਤੇ ਕਲੱਸਟਰ ਦੇ ਅੰਦਰ ਹੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਸਮੇਤ ਹੋਰ ਕਮੀਆਂ ਦੂਰ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਟੀਐੱਫ ਆਗੂ ਪਰਮਿੰਦਰ ਮਾਨਸਾ, ਹਰਿੰਦਰ ਪਟਿਆਲਾ, ਡਾ. ਰਵਿੰਦਰ ਕੰਬੋਜ਼, ਗੁਰਪ੍ਰੀਤ ਵੀਰੋਕੇ, ਸੁਖਵਿੰਦਰ ਸੁੱਖ, ਲਖਵੀਰ ਬਰਨਾਲਾ, ਭੁਪਿੰਦਰ ਸਿੰਘ, ਰਮਨ ਗੋਇਲ, ਮਨਜੀਤ ਸਿੰਘ, ਪ੍ਰਦੀਪ ਬਾਂਸਲ, ਰੋਸ਼ਨ ਲਾਲ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *