ਕੋਇਟਾ, 11 ਮਾਰਚ (ਖ਼ਬਰ ਖਾਸ ਬਿਊਰੋ)
ਪੁਲੀਸ ਅਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੱਖਣ-ਪੱਛਮੀ ਪਾਕਿਸਤਾਨ ਵਿੱਚ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਮੁਸਾਫ਼ਰ ਰੇਲਗੱਡੀ ‘ਤੇ ਵੱਖਵਾਦੀ ਦਹਿਸ਼ਤਗਰਦਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਰੇਲ ਡਰਾਈਵਰ ਜ਼ਖਮੀ ਹੋ ਗਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਫਰ ਐਕਸਪ੍ਰੈਸ ਦੀਆਂ ਨੌਂ ਬੋਗੀਆਂ ਵਿੱਚ ਲਗਭਗ 400 ਯਾਤਰੀ ਸਵਾਰ ਸਨ। ਹਮਲੇ ਵੇਲੇ ਇਹ ਗੱਡੀ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਖ਼ੈਬਰ ਪਖ਼ਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਜਾ ਰਹੀ ਸੀ।
ਇੱਕ ਬਿਆਨ ਵਿੱਚ ਵੱਖਵਾਦੀ ਦਹਿਸ਼ਤੀ ਗਰੁੱਪ ਬਲੋਚ ਲਿਬਰੇਸ਼ਨ ਆਰਮੀ (Baloch Liberation Army – BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਰੇਲਗੱਡੀ ਤੋਂ ਸੁਰੱਖਿਆ ਬਲਾਂ ਸਮੇਤ ਵੱਡੀ ਗਿਣਤੀ ਲੋਕ ਬੰਧਕ ਬਣਾ ਲਏ ਹਨ।
ਸੂਬਾਈ ਸਰਕਾਰ ਜਾਂ ਰੇਲਵੇ ਦੇ ਅਧਿਕਾਰੀਆਂ ਨੇ ਮੁਸਾਫ਼ਰਾਂ ਨੂੰ ਬੰਧਕ ਜਾਂ ਰੇਲ ਗੱਡੀ ਨੂੰ ਅਗਵਾ ਕੀਤੇ ਜਾਣਦੀ ਪੁਸ਼ਟੀ ਨਹੀਂ ਕੀਤੀ, ਪਰ ਵੱਖਵਾਦੀਆਂ ਨੇ ਅਜਿਹੇ ਦਾਅਵੇ ਕੀਤੇ ਹਨ।
ਇੱਕ ਰੇਲਵੇ ਅਧਿਕਾਰੀ ਨੇ ਕਿਹਾ ਕਿ ਬਲੋਚਿਸਤਾਨ ਦੇ ਬੋਲਾਨ ਜ਼ਿਲ੍ਹੇ ਦੇ ਮੁਸ਼ਕਾਫ ਖੇਤਰ ਵਿੱਚ ਸੁਰੱਖਿਆ ਬਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ।
ਸਰਕਾਰੀ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ, ‘ਬਲੋਚਿਸਤਾਨ ਸਰਕਾਰ ਨੇ ਐਮਰਜੈਂਸੀ ਉਪਾਅ ਲਾਗੂ ਕਰ ਦਿੱਤੇ ਹਨ ਅਤੇ ਸਾਰੇ ਅਦਾਰਿਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਚੌਕਸ ਕਰ ਦਿੱਤਾ ਗਿਆ ਹੈ।’’ -ਰਾਇਟਰਜ਼