ਨਵੀਂ ਦਿੱਲੀ, 1 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 700 ਕਰੋੜ ਰੁਪਏ ਦੇ ਅਟਾਰੀ ਬਾਰਡਰ ਡਰੱਗਜ਼ ਜ਼ਬਤ ਮਾਮਲੇ ਵਿਚ ਇਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨਾਲ ਇਸ ਮਾਮਲੇ ਵਿਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ। ਅੱਜ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਅਥਰ ਸਈਦ ਉਰਫ਼ ਚਾਚਾ ਨੇ ਕਿੰਗਪਿਨ ਸ਼ਾਹਿਦ ਅਹਿਮਦ ਦੇ ਨਿਰਦੇਸ਼ਾਂ ‘ਤੇ ਧੰਦੇ ਨੂੰ ਸੰਭਾਲਦਾ ਸੀ। ਸਈਦ ਨੂੰ ਬੀਤੇ ਦਿਨ ਐੱਨਆਈਏ ਦੀਆਂ ਟੀਮਾਂ ਨੇ ਦਿੱਲੀ ਦੇ ਦਰਿਆਗੰਜ ਵਿੱਚ ਉਸ ਦੇ ਟਿਕਾਣੇ ਦੀ ਤਲਾਸ਼ੀ ਲੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਗਏ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਵੱਡੇ ਡਰੱਗ ਰੈਕੇਟ ਦੇ ਪਿੱਛੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਤਿਵਾਦ ਵਿਰੋਧੀ ਏਜੰਸੀ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਈਦ ਨੇ ਭਾਰਤ ਤੋਂ ਅਫਗਾਨਿਸਤਾਨ ਅਤੇ ਯੂਏਈ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਕਮਾਈ ਕੀਤੀ ਰਕਮ ਨੂੰ ਟਰਾਂਸਫਰ ਕਰਨ ਲਈ ਹਵਾਲਾ ’ਚ ਅਹਿਮ ਭੂਮਿਕਾ ਨਿਭਾਈ ਸੀ। ਐੱਨਆਈਏ ਨੇ ਕਿਹਾ ਕਿ ਇਸ ਤਰੀਕੇ ਨਾਲ ਉਹ ਨਸ਼ਿਆਂ ਦੀ ਕਮਾਈ ਵਿਦੇਸ਼ਾਂ ਵਿੱਚ ਸਥਿਤ ਮੁੱਖ ਮੁਲਜ਼ਮਾਂ ਨੂੰ ਭੇਜ ਰਿਹਾ ਸੀ।