ਵਿਧਾਇਕਾਂ ਦੇ ਦੋਵੇਂ ਹੱਥ ਲੱਡੂ, ਜਿੱਤੇ ਤਾਂ ਤਰੱਕੀ, ਜੇ ਮੰਤਰੀ ਹਾਰੇ ਤਾਂ ਪੈ ਸਕਦਾ ਬੈਕ ਗੇਅਰ
ਚੰਡੀਗੜ੍ਹ 1 ਮਈ (ਖ਼ਬਰ ਖਾਸ ਬਿਊਰੋ)
ਆਖ਼ਰੀ ਗੇੜ ਤਹਿਤ ਪੰਜਾਬ ਵਿਚ ਇਕ ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣੇ ਵਿਧਾਇਕਾਂ ਉਤੇ ਦਾਅ ਖੇਡਿਆ ਹੈ। ਦੋਵਾਂ ਪਾਰਟੀਆਂ ਦੇ ਇਕ ਦਰਜਨ ਦੇ ਕਰੀਬ ਵਿਧਾਇਕ ਸੂਬੇ ਦੀ ਰਾਜਧਾਨੀ ਚੰਡੀਗੜ ਤੋ ਦੇਸ਼ ਦੀ ਰਾਜਧਾਨੀ ਦਿੱਲੀ ਸੰਸਦ ਭਵਨ ਜਾਣ ਲਈ ਚੋਣ ਮੈਦਾਨ ਵਿਚ ਕੁੱਦੇ ਹਨ। ਇਹਨਾਂ ਇਕ ਦਰਜਨ ਵਿਧਾਇਕਾਂ ਵਿਚੋਂ ਕਿਸ ਦੇ ਸਿਰ ਉਤੇ ਜੈਤੂ ਤਾਜ਼ ਸਜੇਗਾ ਇਹ ਸਮੇਂ ਦੇ ਗਰਭ ਵਿਚ ਹੈ, ਪਰ ਦੋ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣ ਹੋਣੀ ਤੈਅ ਹੈ। ਵਿਧਾਨ ਸਭਾ ਹਲਕਾ ਚੱਬੇਬਾਲ ਦੇ ਵਿਧਾਇਕ ਡਾ ਰਾਜ ਕੁਮਾਰ ਚੱਬੇਬਾਲ ਕਾਂਗਰਸ ਨੂੰ ਛੱਡ ਆਪ ਵਿਚ ਸ਼ਾਮਲ ਹੋਏ ਹਨ ਜਦਕਿ ਜਲੰਧਰ ਪੱਛਮੀ ਦੇ ਵਿਧਾਇਕ ਸੀਤਲ ਅੰਗੁਰਾਲ ਆਪ ਛੱਡ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਹਨਾਂ ਦੋਵਾਂ ਹਲਕਿਆਂ ਵਿਚ ਜ਼ਿਮਨੀ ਚੋਣ ਹੋਵੇਗੀ ਕਿਉਂਕਿ ਦੋਵਾਂ ਵਿਧਾਇਕਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।
ਸੰਸਦੀ ਅਖਾੜੇ ਵਿਚ ਇਹ ਭਲਵਾਨ ਕੁੱਦੇ
ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਨੂੰ ਚੋਣ ਪਿੜ ਵਿਚ ਉਤਾਰਿਆ ਹੈ। ਜਿਹਨਾਂ ਵਿਚ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਡਾ ਬਲਵੀਰ ਸਿੰਘ , ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ ਹਨ। ਇਸੀ ਤਰ੍ਹਾਂ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਫਿਰਜੋਪੁਰ, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸੈਰੀ ਕਲਸੀ ਨੂੰ ਗੁਰਦਾਸਪੁਰ, ਲੁਧਿਆਣਾ ਤੋਂ ਅਸ਼ੋਕ ਪੱਪੀ ਪਰਾਸ਼ਰ ਅਤੇ ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਹੈ।
ਕਾਂਗਰਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ, ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਅਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਹੈ।
ਵਿਧਾਇਕਾਂ ਦੇ ਦੋਵੇ ਹੱਥ ਲੱਡੂ
ਚੋਣ ਮੈਦਾਨ ਵਿਚ ਕੁੱਦੇ, ਡਾ ਚੱਬੇਵਾਲ ਨੂੰ ਛੱਡਕੇ ਬਾਕੀ ਵਿਧਾਇਕਾਂ ਦੇ ਦੋਵੇਂ ਹੱਥ ਲੱਡੂ ਹਨ। ਜੇਕਰ ਲੋਕਾਂ ਨੇ ਫਤਵਾ ਦਿੱਤਾ ਤਾਂ ਸੰਸਦ ਭਵਨ ਦੀਆਂ ਪੌੜੀਆਂ ਚੜਨਗੇ ਅਤੇ ਦੇਸ਼ ਦੀ ਰਾਜਨੀਤੀ ਕਰਨ ਦਾ ਮੌਕਾ ਮਿਲੇਗਾ । ਨਹੀਂ ਤਾਂ ਵਿਧਾਇਕ ਦਾ ਅਹੁੱਦਾ ਕਿਤੇ ਨਹੀਂ ਗਿਆ । ਪਰ ਮੰਤਰੀਆਂ ਲਈ ਇਹ ਚੋਣ ਵਕਾਰ ਦਾ ਸਵਾਲ ਹੈ , ਜੇਕਰ ਫਤਵਾ ਲੈਣ ਵਿਚ ਨਾਕਾਮਯਾਬ ਹੁੰਦੇ ਹਨ ਤਾਂ ਬੈਕ ਗੇਅਰ ਪੈ ਸਕਦਾ।