ਬੈਤੂਲ, 7 ਮਾਰਚ (ਖ਼ਬਰ ਖਾਸ ਬਿਊਰੋ)
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਇੱਕ ਕੋਲਾ ਖਾਣ ਦੀ ਛੱਤ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਬੈਤੂਲ ਜ਼ਿਲ੍ਹੇ ਦੇ ਸਾਰਨੀ ਕਸਬੇ ਦੇ ਪਾਠਖੇੜਾ ਖੇਤਰ ਵਿੱਚ ਸਥਿਤ ਛਤਰਪੁਰ ਖਾਨ ਵਿੱਚ ਵਾਪਰੀ। ਬੈਤੂਲ ਦੇ ਪੁਲੀਸ ਸੁਪਰਡੈਂਟ ਨਿਸ਼ਚਲ ਐਨ ਝਰੀਆ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਰਾਹਤ ਕਾਰਜ ਲਈ ਟੀਮਾਂ ਘਟਨਾ ਵਾਲੀ ਥਾਂ ’ਤੇ ਗਈਆਂ ਅਤੇ ਸ਼ਾਮ 7.00 ਵਜੇ ਦੇ ਕਰੀਬ ਉਨ੍ਹਾਂ ਨੇ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।