ਸਲੇਮਪੁਰੀ ਦੀ ਚੂੰਢੀ –
ਕੰਮੀਆਂ ਦੇ ਕੋਠੇ!
ਪੈਰਾਂ ਵਿਚ ਬਿਆਈਆਂ ਪਾਟੀਆਂ,
ਹੱਥ ਕਾਲੇ ਕਾਲੇ!
ਧੁੱਪਾਂ ਨੇ ਪਿੰਡੇ ਝੁਲਸਤੇ,
ਨਾਲੇ ਝੰਬਿਆ ਪਾਲੇ!
ਕੰਮ ਕਰਦਿਆਂ-ਕਰਦਿਆਂ ਘਸ ਗਏ, ਉਂਗਲਾਂ ਦੇ ਪੋਟੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਕਦ ਮਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਨਿੱਕੜੇ-ਨਿੱਕੜੇ ਕੋਠੜੇ,
ਜਿਵੇਂ ਕਾਲ-ਕੋਠੜੀ!
ਵੱਡੇ ਮਹਿਲ ਉਸਾਰ ਦਿੱਤੇ
ਚੁੱਕ ਸਿਰ ‘ਤੇ ਟੋਕਰੀ!
ਜਾਬਾਂ ਅੰਦਰ ਧੱਸੀਆਂ, ਨਾ ਚੁੰਘੇ ਡੋਕੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਪਹਿਨਿਆ ਨਾ ਕਦੇ ਚੱਜ ਦਾ,
ਢਿੱਡ ਵਿਲਕਣ ਭੁੱਖੇ,
ਨਾ ਤੇਲ ਸਿਰਾਂ ‘ਚ ਝੱਸਿਆ,
ਸਿਰ ਰਹਿੰਦੇ ਸੁੱਕੇ!
ਦਾੜ੍ਹੀਆਂ ਹੋਗੀਆਂ ਚਿੱਟੀਆਂ, ਉਂਝ ਉਮਰੋੰ ਛੋਟੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਥੁੜ੍ਹਾਂ ਮਾਰੀ ਜਿੰਦਗੀ
ਪੱਲੇ ਰੋਣਾ ਧੋਣਾ!
ਗਹਿਣੇ ਪਿੱਤਲ ਦੇ ਪਹਿਨਕੇ,
ਇਹ ਸਮਝਣ ਸੋਨਾ!
ਪੈਰੀਂ ਹੁੰਦੀਆਂ ਚੱਪਲਾਂ , ਤੇ ਕੁੱਬੇ ਮੋਢੇ !
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਬੀਜੀਆਂ, ਵਾਹੀਆਂ ਰੱਜਕੇ,
ਨਾ ਮਿਲੀਆਂ ਬੱਲੀਆਂ!
ਨਾ ਬੂਹੇ, ਬਾਰੀਆਂ ਲੱਗੀਆਂ,
ਪਰਦੇ ਥਾਂ ਪੱਲੀਆਂ!
ਬੱਦਲ ਚੜ੍ਹ ਜਦ ਆਂਵਦੇ, ਫਿਰ ਚੋੰਦੇ ਕੋਠੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਨਾ ਕਿਰਨ ਆਸ ਦੀ ਲੱਭਦੀ,
ਛਾਇਆ ਘੁੱਪ ਨੇਰ੍ਹਾ !
ਆਸਾਂ ਦੀ ਤੰਦ ਟੁੱਟ ਗਈ,
ਨਾ ਹੋਇਆ ਸਵੇਰਾ!
ਨਾ ਕਿਰਤਾਂ ਦਾ ਮੁੱਲ ਮੋੜਿਆ, ਹੱਥ ਖਾਲੀ ਲੋਟੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਕਿਥੇ ਗਈਆਂ ਪੈਲੀਆਂ,
ਕਿਥੇ ਧਨ ਦਾ ਹਿੱਸਾ?
ਕਿਥੇ ਗਈਆਂ ਚੋਪੜੀਆਂ,
ਕਿਥੇ ਘਿਉ ਤੇ ਮਿੱਠਾ !
ਨਿਆਣੇ ਲੱਭਣ ਕੁਲਫੀਆਂ, ਤੇ ਚੁੰਨੀ ਤੋਪੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
ਵੋਟਾਂ ਪਾ ਪਾ ਹੰਭ ਗਏ,
ਨਾ ਕਿਸਮਤ ਪਲਟੀ!
ਗੱਲ ਸਮਝੋੰ ਬਾਹਰੀ ਹੋ ਗਈ,
ਕੀ ਹੋ ਗਈ ਗਲਤੀ!
ਇੱਕ ਜੋਕਾਂ ਬਣ ਖੂਨ ਚੂਸਦੇ, ਇੱਕ ਖਾਵਣ ਧੋਖੇ!
ਤੂੰ ਕਦ ਮੱਘਦੈੰ ਸੂਰਜਾ, ਕੰਮੀਆਂ ਦੇ ਕੋਠੇ!
ਤੂੰ ਮਘਿਆ ਨਾ ਕਦੇ ਸੂਰਜਾ, ਕੰਮੀਆਂ ਦੇ ਕੋਠੇ!
-ਸੁਖਦੇਵ ਸਲੇਮਪੁਰੀ
ਪਿੰਡ – ਸਲੇਮਪੁਰ
ਡਾਕਘਰ – ਨੂਰਪੁਰ ਬੇਟ
ਜਿਲ੍ਹਾ-ਲੁਧਿਆਣਾ
09780620233
1ਮਈ, 2024.