ਹਿਸਾਰ, 6 ਮਾਰਚ (ਖ਼ਬਰ ਖਾਸ ਬਿਊਰੋ)
ਹਿਸਾਰ-ਮੰਗਲੀ ਸੜਕ ਉਤੇ ਬੁਧਵਾਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਚਾਰ ਪੌਲੀਟੈਕਨਿਕ ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਸਮੇਂ ਇਹ ਵਿਦਿਆਰਥੀ ਇਕ ਕਾਰ ’ਚ ਸਵਾਰ ਹੋ ਕੇ ਇਕ ਵਿਆਹ ਪਾਰਟੀ ਵਿਚ ਹਿੱਸਾ ਲੈਣ ਜਾ ਰਹੇ ਸਨ।
ਇਸ ਦੌਰਾਨ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੇ ਇਕ ਦਰਖ਼ਤ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਮਾਰੇ ਗਏ ਨੌਜਵਾਨਾਂ ਦੀ ਪਛਾਣ ਅੰਕੁਸ਼, ਹਿਤੇਸ਼, ਸਾਹਿਲ ਤੇ ਨਿਖਿਲ ਵਜੋਂ ਹੋਈ ਹੈ। ਹਾਦਸੇ ਪਿੱਛੋਂ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਿਸਾਰ ਦੇ ਸਿਵਲ ਹਸਪਤਾਲ ਪਹੁੰਚਾਇਆ।