ਚੰਡੀਗੜ੍ਹ 5 ਮਾਰਚ (ਖ਼ਬਰ ਖਾਸ ਬਿਊਰੋ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਹਨਾਂ ਦਿਨਾਂ ਵਿੱਚ ਜਦੋਂ ਸਾਰੀਆਂ ਜਮਾਤਾਂ ਦੇ ਪੇਪਰ ਚੱਲ ਰਹੇ ਹਨ ਉਦੋਂ ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ। ਸਕੂਲਾਂ ਵਿੱਚੋਂ ਪਹਿਲਾਂ ਹੀ ਬਹੁਤੇ ਅਧਿਆਪਕ ਬੋਰਡ ਪ੍ਰੀਖਿਆ ਡਿਊਟੀਆਂ ਵਿੱਚ ਲੱਗੇ ਹੋਏ ਹਨ ਅਤੇ ਨਾਲ ਹੀ ਪੇਪਰ ਮੁਲਾਂਕਣ ਦਾ ਕੰਮ ਵੀ ਚੱਲ ਰਿਹਾ ਹੈ। ਪ੍ਰਾਇਮਰੀ ਸਕੂਲਾਂ ਵਿੱਚ 7 ਮਾਰਚ ਤੋਂ ਪੰਜਵੀਂ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਵਿੱਚ ਅਧਿਆਪਕ ਇੰਟਰ ਸੈਂਟਰ ਡਿਊਟੀਆਂ ‘ਤੇ ਜਾ ਰਹੇ ਹਨ। ਪ੍ਰੀਖਿਆਵਾਂ ਵਿੱਚ ਨਿਗਰਾਨ ਅਤੇ ਮੁਲਾਂਕਣ ਡਿਊਟੀਆਂ ਕਾਰਨ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ, ਉੱਪਰੋਂ ਅਧਿਆਪਕਾਂ ਨੂੰ ਸੈਮੀਨਾਰਾਂ ਲਈ ਭੇਜਣਾ ਸਕੂਲ ਪ੍ਰਬੰਧ ਨੂੰ ਤਹਿਸ ਨਹਿਸ ਕਰਨ ਦੇ ਸਮਾਨ ਹੈ।
ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਇਹਨਾਂ ਲੱਗ ਰਹੇ ਸੈਮੀਨਾਰਾਂ ਨੂੰ ਮਾਰਚ ਮਹੀਨੇ ਤੱਕ ਮੁਲਤਵੀ ਕਰੇ ਤਾਂ ਕਿ ਅਧਿਆਪਕ ਸਕੂਲਾਂ ਵਿੱਚ ਚੱਲ ਰਹੀਆ ਪ੍ਰੀਖਿਆਵਾਂ ਨੂੰ ਸੁਚਾਰੂ ਰੂਪ ਵਿੱਚ ਲੈ ਸਕਣ ਅਤੇ ਬਾਕੀ ਬੱਚਿਆਂ ਦੀ ਪੜ੍ਹਾਈ ਵੀ ਚੱਲਦੀ ਰਹੇ।
ਡੀ ਟੀ ਐੱਫ ਦੇ ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਤੇ ਦੋਸ਼ ਲਾਇਆ ਕਿ ਵਿਭਾਗ ਸਕੂਲਾਂ ਲਈ ਕੋਈ ਵਿੱਦਿਅਕ ਕੈਲੰਡਰ ਨਹੀਂ ਜਾਰੀ ਕੀਤਾ ਜਾਂਦਾ ਜਿਸ ਕਾਰਣ ਜਦੋਂ ਕਿਸੇ ਕੰਮ ਜਾਂ ਗਤੀਵਿਧੀ ਬਾਰੇ ਵਿਭਾਗ ਨੂੰ ਯਾਦ ਆ ਜਾਂਦੀ ਹੈ ਉਸ ਬਾਰੇ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ, ਇਸ ਨਾਲ ਪੂਰਾ ਸਾਲ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਬਣਨ ਵਿੱਚ ਰੁਕਾਵਟਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ।
ਆਗੂਆਂ ਨੇ ਐੱਸ ਸੀ ਈ ਆਰ ਟੀ ਪੰਜਾਬ ਵੱਲੋਂ ਪੰਜਵੀਂ ਜਮਾਤ ਦੇ ਲਏ ਜਾ ਰਹੇ ਪੇਪਰਾਂ ਦੇ ਕੁਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਹੈੱਡ ਟੀਚਰ ਨੂੰ ਇੱਕ ਘੰਟਾ ਪਹਿਲਾਂ ਪ੍ਰਸ਼ਨ/ਉੱਤਰ ਪੱਤਰੀਆਂ ਦੇਣ ਦੀ ਗੱਲ ਕਹੀ ਗਈ ਹੈ, ਜਦਕਿ ਬਹੁਤੇ ਸੈਂਟਰ ਸਕੂਲ ਬਲਾਕ ਦਫਤਰ ਤੋਂ ਬਹੁਤ ਦੂਰੀ ‘ਤੇ ਹਨ। ਇਸ ਕਾਰਨ ਸਮੇਂ ਸਿਰ ਪੇਪਰ ਵੰਡਣ ਵਿੱਚ ਦਿੱਕਤ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਪ੍ਰਸ਼ਨ/ਉੱਤਰ ਪੱਤਰੀਆਂ ਸੈਂਟਰ ਹੈੱਡ ਟੀਚਰ (ਸੀ ਐੱਚ ਟੀ) ਨੂੰ ਇੱਕ ਦਿਨ ਪਹਿਲਾਂ ਦਿੱਤੀਆਂ ਜਾਣ ਤਾਂ ਜੋ ਸਵੇਰ ਵੇਲੇ ਪ੍ਰੀਖਿਆ ਤੋਂ ਪਹਿਲਾਂ ਅਫ਼ਰਾਤਫ਼ਰੀ ਵਾਲਾ ਮਾਹੌਲ ਨਾ ਬਣੇ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਸੈਂਟਰ ਨਾ ਲਗਾ ਕੇ ਉਸੇ ਸੈਂਟਰ ਅੰਦਰ ਹੀ ਲਗਾਈਆਂ ਜਾਣ।