ਸ਼ਬਦ ਚਿੱਤਰ..ਉਸ ਨੂੰ ਅਸਵੀਕਾਰ ਹੈ ਕਿਰਤੀਆਂ ਦੀ ਲੁੱਟ

ਸ਼ਬਦ ਚਿੱਤਰ…
ਬੁੱਧ ਸਿੰਘ ਨੀਲੋਂ

ਉਸ ਨੂੰ ਅਸਵੀਕਾਰ ਹੈ
ਕਿਰਤੀਆਂ ਦੀ ਲੁੱਟ
ਅਹੁਦਿਆਂ ਦੇ ਅਹੰਕਾਰ
ਅਫਸਰ ਸ਼ਾਹੀ ਦੇ ਧੱਕੇ
ਰਿਸ਼ਵਤਾਂ ਦੇ ਚੋਰ ਬਜ਼ਾਰ।
—ਧੁਰੰਦਰਾਂ ਦੀ ਧੁਰ ਟੀਸੀ ਤੇ
ਵੱਜਦੀ ਤੂਤੀ…
ਓਹਦੇ ਸਰੇ ਬਜ਼ਾਰ
ਪਾਜ ਉਧੇੜਣ ਨਾਲ
ਮੂਧੇ ਮੂੰਹ ਜਾ ਡਿੱਗਦੀ ਹੈ..
–ਉਹ ਅਸਵੀਕਾਰਦਾ ਹੈ
ਹਰ ਖੋਖਲੀ ਪਰਤ…
–ਵੱਡੇ ਵੱਡੇ ਵਿਆਖਿਆ ਕਾਰਾਂ ਨੂੰ
ਉਹਦੇ ਮੂਹਰੇ ਗੱਲ ਨਹੀੰ ਔੜਦੀ
ਭਰੀ ਸਭਾ ਚ
ਕੋਈ ਉਹਦੀ ਅੱਖ ‘ਚ
ਅੱਖ ਪਾ ਕੇ ਨਹੀਂ ਵੇਖਦਾ।
—ਵਰਿਸਟੀਆਂ ਦੇ ਡਾਕਟਰਾਂ ਦੇ
ਸਿੰਘਾਸਨ ਉਸਦੇ ਬਿਨਾਂ ਬੋਲਿਆਂ
ਡੋਲਣ ਲੱਗਦੇ ਹਨ।
—ਉਹ ਗੋਦੜੀ ਦਾ ਲਾਲ ਹੈ
ਉਸ ਦੇ ਅੰਤਰ ਚ ਵੱਸਦੀ
ਕੋਈ ਅਣਮੁੱਲੀ ਸ਼ੈਅ
ਉਸਨੂੰ ਟਿਕਣ ਨਹੀਂ ਦਿੰਦੀ..
ਵਾਹਣੀਂ ਪਾਈ ਰੱਖਦੀ ਹੈ..
–ਉਸਦੇ ਅੰਦਰਲਾ ਲਾਲ
ਹਮੇਸ਼ਾਂ ਵਿਲਕਦਾ ਹੈ
ਭੁੱਖ ਦੁੱਖ ਤੇ ਫਟੇਹਾਲ
ਲੋਕਾਈ ਦੇ ਦਰਦ ਖਾਤਰ…
–ਉਹ ਅੱਤ ਦਾ ਬੇਲਿਹਾਜ਼
ਬੇਗਰਜ਼ ਤੇ ਬਦਨਾਮ
ਕਾਲਮਨਵੀਸ ਹੈ
ਇਉਂ ਨਹੀਂ
ਕਿ ਉਸ ਨੇ ਇਸ ਬੇਬਾਕੀ ਦੇ
ਮੁੱਲ ਨਹੀਂ ਤਾਰੇ…
ਉਸ ਨੇ ਆਪਣੀ ਰੋਜ਼ੀ
ਗਵਾ ਲਈ,
ਠਾਹਰ ,ਤੇ ਪੁਸਤਕਾਂ ਦਾ ਸੰਗ
ਗਵਾਇਆ…
ਜੋ ਉਸਨੂੰ
ਜਾਨੋਂ ਪਿਆਰੀਆਂ ਸਨ..
ਘਰ ਪਰਿਵਾਰ ਹੁੰਦਿਆਂ
ਕਦੇ ਉਹ ਅਨਾਥਾਂ ਵਾਂਗ ਮਹਿਸੂਸਦੈ…
ਕਦੇ ਕਦੇ ਉਹ ਆਪਣੀ ਗੋਦੜੀ ਤੋਂ ਵੀ
ਮੁਨਕਰ ਹੋ ਜਾਂਦੈ..
ਅੱਤ ਦੇ ਨਸ਼ੇ ‘ਚ
ਉਹ ਗੋਦੜੀ ਲਾਹ ਮਾਰਦੈ
ਐੰਵੇਂ ਹੀ ਕਿਤੇ ਵੀ..
ਰਸਤੇ ਚੁਰਾਹੇ ਜਾਂ ਬੀਆਬਾਨ ‘ਚ
ਜਾਂ ਫੁੱਲ ਟਰੈਫਿਕ ਵਾਲੀ
ਕਿਸੇ ਸੜਕ ਤੇ..
ਹੋਸ਼ ‘ਚ ਆਉਂਦਿਆਂ ਹੀ
ਫੇਰ ਪਰਤਦਾ ਹੈ
ਉਸੇ ਗੁਦੜੀ ਸੰਗ ਗੁੰਦਿਆ…
ਗੋਦੜੀ ਜੋ ਮੋਹ ਦੇ ਤੋਪਿਆਂ ਨਾਲ ਨਹੀਂ
ਮਜਬੂਰੀ ਦੇ ਸੜੋਪਿਆਂ ਸੰਗ
ਥਾਂ-ਥਾਂ ਤੋਂ ਸਿਉਂਤੀ ਹੁੰਦੀ ਹੈ।
–ਅਣਚਾਹਿਆਂ ਹੀ..ਉਹ
ਅੰਗ ਸੰਗ ਹੁੰਦੇ ਹਨ..
ਇਹੀ ਉਸਦੀ ਹੋਣੀ ਹੈ
ਹੋਣੀ ਉਸ ਨੂੰ ਅਸਵੀਕਾਰ ਹੈ
—ਪਾਟਿਆ ,ਉੱਧੜਿਆ
ਕਈ ਕਈ ਦਿਨ
ਉਹ ਐਂਵੇਂ ਹੀ ਪਿਆ ਰਹਿੰਦੈ
ਆਪਣੀ ਹੀ ਹੋਂਦ ਤੋਂ ਮੁਨਕਰ
ਅਸਵੀਕ੍ਰਿਤ
ਮਿੱਤਰਾਂ ਮੁਹੱਬਤਾਂ ਤੇ
ਖ਼ੈਰ ਖ਼ਵਾਹਾਂ ਦੀ
ਇੱਕ ਹਾਕ ਸੰਗ
ਉਹ ਮੁੜ ਜਿਉਂ ਉੱਠਦਾ ਹੈ
ਤੁਰਦਾ ਹੈ..
ਇੱਕ ਹੋਰ ਨਵੀਂ ਵੰਗਾਰ ਸੰਗ…

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਅਸ਼ਵਿੰਦਰ

Leave a Reply

Your email address will not be published. Required fields are marked *