ਤੁਰੰਤ ਮੁਆਫੀ ਮੰਗਣ ਮੁੱਖ ਮੰਤਰੀ,ਅਹੁਦੇ ਦੀ ਤੌਹੀਨ ਨਾ ਕਰਨ ਭਗਵੰਤ ਮਾਨ
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਬੰਦ ਕੀਤੀ ਜਾਵੇ, ਗ੍ਰਿਫਤਾਰ ਕਿਸਾਨ ਆਗੂ ਰਿਹਾਅ ਕੀਤੇ ਜਾਣ
ਚੰਡੀਗੜ੍ਹ, 4 ਮਾਰਚ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਆਪਾ ਖੋਹੇ ਜਾਣ ਦੀ ਨਿੰਦਾ ਕੀਤੀ ਹੈ। ਸਰਦਾਰ ਰੱਖੜਾ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਮੁੱਖ ਮੰਤਰੀ ਦਾ ਰਵੱਈਆ ਅਤਿ ਨਿੰਦਣਯੋਗ ਹੈ ਅਤੇ ਅੰਨਦਾਤੇ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂਆਂ ਨੂੰ ਘਰ ਬੁਲਾਕੇ ਜ਼ਲੀਲ ਕਰਨਾ ਬੇਹੱਦ ਮੰਦਭਾਗਾ ਹੈ।
ਸਰਦਾਰ ਰੱਖੜਾ ਨੇ ਕਿਹਾ ਕਿ , ਮੁੱਖ ਮੰਤਰੀ ਨੂੰ ਆਪਣੇ ਮਾੜੇ ਵਰਤਾਰੇ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਸਰਦਾਰ ਰੱਖੜਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੇ ਅਹੁਦੇ ਦੀ ਤੌਹੀਨ ਹੈ, ਕੁਰਸੀ ਦੀ ਗਰਿਮਾ ਨੂੰ ਠੇਸ ਪਹੁੰਚਾਈ ਗਈ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਬਗੈਰ ਦੇਰੀ ਕੀਤੇ ਅਨਾਦਾਤੇ ਪ੍ਰਤੀ ਵਰਤੇ ਸ਼ਬਦਾਂ ਨੂੰ ਵਾਪਿਸ ਲੈਂਦੇ ਹੋਏ ਸੂਬੇ ਦੇ ਹਰ ਕਿਸਾਨ ਤੋਂ ਆਪਣੇ ਸ਼ਬਦਾਂ ਲਈ ਮੁਆਫੀ ਮੰਗਣ ।
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਲਗਾਏ ਜਾਣ ਵਾਲੇ ਧਰਨੇ ਨੂੰ ਰੋਕਣ ਲਈ ਸੂਬਾ ਸਰਕਾਰ ਵਲੋ ਵਰਤੇ ਜਾ ਰਹੇ ਪੁਲਿਸ ਬਲ ਦੀ ਨਿਖੇਦੀ ਕਰਦਿਆਂ ਸਰਦਾਰ ਰੱਖੜਾ ਨੇ ਕਿਹਾ ਗ੍ਰਿਫਤਾਰ ਕੀਤੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ, ਕਿਸੇ ਵੀ ਕਿਸਾਨ ਆਗੂ ਨੂੰ ਘਰ ਵਿੱਚ ਡੀਟੇਨ ਕਰਕੇ ਰੱਖਣਾ ਜਮਹੂਰੀਅਤ ਦਾ ਘਾਣ ਹੈ।