ਚੰਡੀਗੜ੍ਹ, 30 ਅਪ੍ਰੈਲ (ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਨ੍ਹਾਂ ਨੇ ਉਸ ਪਾਰਟੀ ਨੂੰ ਧੋਖਾ ਦਿੱਤਾ ਜਿਸਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਸੀ। ਵੜਿੰਗ ਨੇ ਕਿਹਾ ਕਿ ਇਹ ਜਿੱਤ ਸੁਨੇਹਾ ਦੇਵੇਗੀ ਲੋਕਾਂ ਦੇ ਦਿਲਾਂ ਵਿੱਚ ਗੱਦਾਰੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਬਤੌਰ ਪ੍ਰਧਾਨ ਵਫ਼ਾਦਾਰੀ ਪੂਰੇ ਸੂਬੇ ਦੀ ਭਲਾਈ ਨਾਲ ਜੁੜੀ ਹੋਈ ਹੈ, ਇਸ ਲਈ ਮੈਂ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦਾ ਹਾਂ। ਮੇਰੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਮੇਰੇ ਲੁਧਿਆਣੇ ਤੋਂ ਨਾ ਹੋਣ ‘ਤੇ ਸਵਾਲ ਚੁੱਕਣ ਵਾਲੀਆਂ ਗੱਲ੍ਹਾਂ ਉਹਨਾਂ ਦੇ ਅੰਦਰ ਵਾਲੀ ਬੇਚੈਨੀ ਜ਼ਾਹਿਰ ਕਰਦੀਆਂ ਹਨ। ਮੈਂ ਰਵਨੀਤ ਬਿੱਟੂ ਦੇ ਵੱਲੋਂ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੱਕ ਦੇ ਸਿਆਸੀ ਸਫ਼ਰ ਦੀ ‘ਤੇ ਵੀ ਰੋਸ਼ਨੀ ਪਾਵਾਂਗਾ। ਰਵਨੀਤ ਬਿੱਟੂ ਦੀ ਹਲਕਿਆਂ ਦੇ ਵਿੱਚ ਹਾਜ਼ਰੀ ਅਤੇ ਸੇਵਾ ਸਿਰਫ਼ ਇੱਕ ਬਿਆਨਬਾਜ਼ੀ ਸਾਬਿਤ ਹੋ ਕੇ ਰਹੀ ਹੈ ਕਿਉਂਕਿ ਲੋਕ ਖੁਦ ਦਸਦੇ ਹਨ ਕਿ ਪਿਛਲ਼ੇ 10 ਸਾਲਾਂ ਵਿੱਚ ਬਿੱਟੂ ਲੁਧਿਆਣੇ ਨਹੀਂ ਗਏ। ਪਿਛਲੇ 10 ਸਾਲਾਂ ਤੋਂ ਲੁਧਿਆਣਾ ਦੇ ਵਿੱਚ ਇੱਕ ਬਿਰਤਾਂਤ ਹੈ ਕਿ ‘ਬਿੱਟੂ ਫੋਨ ਚੁੱਕਦਾ ਨਹੀਂ, ਬਿੱਟੂ ਘਰੇ ਮਿਲਦਾ ਨਹੀਂ’।
ਰਾਜਾ ਵੜਿੰਗ ਨੇ ਅੱਗੇ ਕਿਹਾ, “ਇਹ ਚੋਣ ਮੁਕਾਬਲਾ ਵਫ਼ਾਦਾਰੀ ਅਤੇ ਵਿਸ਼ਵਾਸਘਾਤ ਵਿਚਕਾਰ ਲੜਾਈ ਹੈ, ਰਵਨੀਤ ਬਿੱਟੂ ਦੁਆਰਾ ਕੀਤੇ ਗਏ ਵਿਸ਼ਵਾਸਘਾਤ ਵਿਰੁੱਧ ਪੰਜਾਬ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਦੀ ਜਿੱਤ ਹੋਵੇਗੀ। ਲੁਧਿਆਣਾ ਅਤੇ ਪੰਜਾਬ ਸਿਧਾਂਤਕ ਰਾਜਨੀਤੀ ਦੀ ਮਿਸਾਲ ਪੇਸ਼ ਕਰਨਗੇ ਅਤੇ ਲੁਧਿਆਣੇ ਦੇ ਹਲਕੇ ਦੇ ਲੋਕਾਂ ਦੁਆਰਾ ਦਿੱਤਾ ਗਿਆ ਭਾਰੀ ਸਮਰਥਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਇਸ ਅਹਿਮ ਲੜਾਈ ਵਿੱਚ ਮੇਰੇ ਨਾਲ ਖੜ੍ਹੇ ਹਨ।
ਵੜਿੰਗ ਨੇ ਕਿਹਾ, “ਅਸੀਂ ਆਉਣ ਵਾਲੀਆਂ ਚੋਣਾਂ ਲਈ ਤਿਆਰ ਹਾਂ ਅਤੇ ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਵੱਚਨਬੱਧ ਹਾਂ। ਕਾਂਗਰਸ, ਸਾਡੇ ਨਿਆਂ ਪੱਤਰ ਵਿੱਚ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਲੋਕਾਂ ਦੇ ਹੱਕਾਂ ਦੀ ਰਾਖੀ ਬਣੇਗੀ। ਸਾਡੀ ਪਾਰਟੀ ਸਾਡੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਅਡੋਲ ਹੈ। ਭਗਵੰਤ ਮਾਨ ਜੋ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਦਾਅਵਿਆਂ ਦੀ ਫੂਕ ਪੰਜਾਬ ਵਿੱਚ 4 ਜੂਨ ਨੂੰ ਨਿਕਲੇਗੀ।