ਜਿਲਾ ਤੇ ਤਹਿਸੀਲ ਪੱਧਰ ਉਤੇ ਹੋਵੇਗਾ ਮੋਦੀ ਤੇ ਸ਼ਾਹ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ 

-ਕਿਸਾਨ 21 ਨੂੰ ਜਗਰਾਉਂ ‘ਚ ਕਰਨਗੇ ਮਹਾਂ ਕਿਸਾਨ ਰੈਲੀ

ਚੰਡੀਗੜ੍ਹ 30 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਪਸ਼ਟ ਕੀਤਾ ਹੈ ਕਿ ਭਾਜਪਾ ਆਗੂਆਂ ਖਿਲਾਫ਼ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਜਾਰੀ ਰਹੇਗਾ। ਇਸੀ ਤਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੌਰਾਨ ਜ਼ਿਲਿਆਂ ਅਤੇ ਤਹਿਸੀਲਾਂ ਵਿਚ ਕਾਲੇ ਝੰਡਿਆ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ। ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ  ਕਿਸਾਨ ਭਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ ਅਤੇ ਫੁਰਮਾਨ ਸਿੰਘ ਸੰਧੂ ਨੇ ਕੀਤੀ।

ਮੀਟਿੰਗ ਵਿੱਚ ਸ਼ਾਮਿਲ ਸਾਰੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਉਸ ਨਿਰਣੇ ਨੂੰ ਫੇਰ ਬੁਲੰਦ ਕੀਤਾ ਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਵਿਰੋਧੀ ਅਤੇ ਫੈਡਰਲਿਜਮ ਵਿਰੋਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਬਚੀ ਖੁਚੀ ਜਮਹੂਰੀਅਤ ਨੂੰ ਵੀ ਖਤਮ ਕਰਨ ਦਾ ਯਤਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਦੀ ਨੀਅਤ ਸੰਵਿਧਾਨ ਨੂੰ ਬਦਲ ਕੇ ਜਮਹੂਰੀਅਤ ਨੂੰ ਖਤਮ ਕਰਨ ਦੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਹਰਾਉ, ਕਾਰਪੋਰੇਟ ਭਜਾਉ, ਦੇਸ਼ ਬਚਾਓ ਦਾ ਨਾਅਰਾ ਦਿੱਤਾ ਹੋਇਆ ਹੈ। ਇਸੇ ਨਾਅਰੇ ਅਧੀਨ 21 ਮਈ ਨੂੰ ਜਗਰਾਉਂ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮਹਾਂਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਸ਼ਾਮਲ ਹੋਣਗੀਆਂ। ਇਸ ਮਹਾਂ ਰੈਲੀ ਲਈ ਸਾਰੇ ਪ੍ਰਬੰਧ ਕਰਨ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਜਥੇਬੰਦੀਆਂ ਨੇ ਵੱਧ ਤੋਂ ਵੱਧ ਜ਼ੋਰ ਨਾਲ ਸਮੂਲੀਅਤ ਕਰਨ ਦਾ ਤਹੱਈਆ ਕੀਤਾ।
ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਸਟੈਂਡ ਨੂੰ ਮੁੜ ਦੁਹਰਾਇਆ ਕਿ ਦਿੱਲੀ ਵਾਲਾ ਇਤਿਹਾਸਕ ਕਿਸਾਨ ਘੋਲ ਸ਼ਾਂਤਮਈ ਰਹਿੰਦਿਆਂ ਜਿੱਤਿਆ ਗਿਆ ਸੀ। ਹੁਣ ਵੀ ਭਾਜਪਾ ਦਾ ਵਿਰੋਧ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ।
ਭਾਜਪਾ ਦੇ ਉਮੀਦਵਾਰਾਂ ਵੱਲੋਂ ਪੰਜਾਬ ਵਿੱਚ ਜਾਤਪਾਤੀ ਪੱਤਾ ਖੇਡਣ ਦੀਆਂ ਕੋਸ਼ਿਸ਼ਾਂ ਕਰਨ ਦੀ ਸਖ਼ਤ ਨਿਖੇਧੀ ਕੀਤੀ। ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਲੋਕਾਂ ਨੂੰ ਜਾਤ ਜਾਂ ਧਰਮ ਦੇ ਆਧਾਰ ਤੇ ਲੜਾਉਣ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵੇਗਾ।ਇਹ ਵੀ ਮਤਾ ਪਾਸ ਕੀਤਾ ਗਿਆ ਕਿ ਜੇਕਰ ਭਾਜਪਾ ਦਾ ਕੋਈ ਵੱਡਾ ਆਗੂ ਜਿਵੇਂ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਪੰਜਾਬ ਵਿੱਚ ਆਉਂਦਾ ਹੈ ਤਾਂ ਉਸ ਦਾ ਜਿਲ੍ਹਾ ਅਤੇ ਤਹਿਸੀਲ ਪੱਧਰ ਤੇ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜਗਿੱਲ, ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਹਰਜਿੰਦਰ ਸਿੰਘ ਟਾਂਡਾ, ਬੋਘ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਡਾ.ਸਤਨਾਮ ਸਿੰਘ ਅਜਨਾਲਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮਨਜੀਤ ਸਿੰਘ ਧਨੇਰ, ਅਵਤਾਰ ਸਿੰਘ ਮਹਿਮਾਂ, ਬਿੰਦਰ ਸਿੰਘ ਗੋਲੇਵਾਲ, ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ ਰਾਈਆਂ ਵਾਲਾ, ਫੁਰਮਾਨ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਜੰਗਵੀਰ ਸਿੰਘ ਚੌਹਾਨ, ਨਛੱਤਰ ਸਿੰਘ ਜੈਤੋ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੁੱਖ ਗਿੱਲ ਮੋਗਾ ਹਾਜਰ ਸਨ ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *