ਜਲੰਧਰ 13ਅਪ੍ਰੈਲ (ਖਬਰ ਖਾਸ)
ਬਹੁਜਨ ਸਮਾਜ ਪਾਰਟੀ ਪੰਜਾਬ ਨੇ ਜਲੰਧਰ ਲੋਕ ਸਭਾ ਹਲਕਾ ਜਲੰਧਰ ਲਈ ਨੌਜਵਾਨ ਆਗੂ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵੱਖ ਵੱਖ ਰਾਜਨੀਤਿਕ ਦਲਾਂ ਦੇ ਪੰਜਾਬ ਦੇ ਨਕਲੀ ਤੇ ਝੂਠੇ ਦਲਿਤ ਚੇਹਰਿਆਂ ਨੂੰ ਮਲੀਆਮੇਟ ਕਰਨ ਦਾ ਕੰਮ ਜਲੰਧਰ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕਰਨਗੇ। ਬਲਵਿੰਦਰ ਮੌਜੂਦਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਲੋਕ ਸਭਾ ਇੰਚਾਰਜ ਦੇ ਤੌਰ ਤੇ ਲਗਾਤਾਰ ਸਰਗਰਮ ਸਨ। ਇਸ ਤੋਂ ਪਹਿਲਾਂ ਉਹ 2017 ਅਤੇ 2022 ਦੀ ਵਿਧਾਨ ਸਭਾ ਚੋਣ ਕਰਤਾਰਪੁਰ ਤੋਂ ਲੜ ਚੁੱਕੇ ਹਨ ਜਦੋਂ ਕਿ 2019 ਵਿੱਚ ਲੋਕ ਸਭਾ ਜਲੰਧਰ ਤੋਂ 2ਲੱਖ 4ਹਜ਼ਾਰ ਵੋਟਾਂ ਲੈਕੇ ਮੁਕਾਬਲੇ ਵਿਚ ਭਾਰੂ ਰਹੇ ਸਨ। ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਨਕਲੀ ਤੇ ਝੂਠੇ ਦਲਿਤ ਚੇਹਰੇ ਅੱਗੇ ਕਰਕੇ ਹਮੇਸ਼ਾ ਦੇਸ਼ ਭਰ ਵਿਚ ਦਲਿਤ ਵਰਗ ਨੂੰ ਗੁੰਮਰਾਹ ਕੀਤਾ ਹੈ, ਜਿਸਦੇ ਖ਼ਿਲਾਫ਼ ਪੂਰੇ ਪੰਜਾਬ ਵਿਚ ਲੜਾਈ ਬਹੁਜਨ ਸਮਾਜ ਪਾਰਟੀ ਲੜ ਰਹੀ ਹੈ। ਅੱਜ ਪੂਰੇ ਦਿਨ ਵਿਚ ਇਹ ਦੂਜਾ ਉਮੀਦਵਾਰ ਹੈ ਜੋਕਿ ਅੱਜ ਘੋਸ਼ਿਤ ਕੀਤਾ ਗਿਆ ਇਸ ਤੋਂ ਪਹਿਲਾ ਸਵੇਰੇ ਪਟਿਆਲਾ ਲੋਕ ਸਭਾ ਤੋਂ ਜਗਜੀਤ ਛਰਬੜ ਨੂੰ ਐਲਾਨਿਆ ਗਿਆ । ਇਸ ਤਰ੍ਹਾਂ ਬਸਪਾ ਕੁਲ ਪੰਜ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਜਿਸ ਵਿਚ ਫਿਰੋਜ਼ਪੁਰ ਤੋਂ ਸ਼੍ਰੀ ਸੁਰਿੰਦਰ ਕੰਬੋਜ਼, ਹੁਸ਼ਿਆਰਪੁਰ ਤੋਂ ਸ਼੍ਰੀ ਰਾਕੇਸ਼ ਕੁਮਾਰ ਸੁੰਮਨ ਅਤੇ ਸੰਗਰੂਰ ਤੋਂ ਡਾ ਮੱਖਣ ਸਿੰਘ ਸ਼ਾਮਿਲ ਹਨ।