ਨਵੀਂ ਦਿੱਲੀ, 29 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਸੁਪਰੀਮ ਕੋਰਟ ਨੇ ਪਤੰਜਲੀ ਆਯੁਰਵੇਦ ਲਿਮਟਿਡ ਨਾਲ ਸਬੰਧਤ ਭਰਮਾਊ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਲਈ ਅੱਜ ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਟੀ ਨੂੰ ਝਾੜ ਪਾਈ। ਅਥਾਰਟੀ ਵੱਲੋਂ ਦਿੱਤੇ ਸਪੱਸ਼ਟੀਕਰਨ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲਾਇਸੈਂਸਿੰਗ ਅਥਾਰਟੀ ਸੁਪਰੀਮ ਕੋਰਟ ਦੇ 10 ਅਪਰੈਲ ਦੇ ਹੁਕਮ ਮਿਲਣ ਬਾਅਦ ਹੀ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਸਰਗਰਮ ਹੋਈ ਹੈ। ਬੈਂਚ ਨੇ ਕਿਹਾ, ‘ਜੇ ਤੁਸੀਂ ਹਮਦਰਦੀ ਚਾਹੁੰਦੇ ਹੋ ਤਾਂ ਅਦਾਲਤ ਦੇ ਨਾਲ ਇਮਾਨਦਾਰ ਰਹੋ।’ ਅਦਾਲਤ ਨੇ ਕਿਹਾ ਕਿ ਉਸ ਦੀ ਮੁੱਖ ਚਿੰਤਾ ਇਹ ਹੈ ਕਿ ਕੀ ਲਾਇਸੈਂਸਿੰਗ ਅਥਾਰਟੀ ਨੇ ਕੇਸ ਵਿੱਚ ਕਾਨੂੰਨ ਦੇ ਅਨੁਸਾਰ ਕੰਮ ਕੀਤਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 14 ਮਈ ਤੈਅ ਕੀਤੀ ਹੈ।