ਚੰਡੀਗੜ੍ਹ 29 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਲੁਧਿਆਣਾ ਲੋਕ ਸਭਾ ਹਲਕੇ ਤੋ ਉਮੀਦਵਾਰ ਐਲਾਨਣ ਬਾਅਦ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦਾ ਇਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡਿਆ ਉਤੇ ਵਾਇਰਲ ਹੋਏ ਬਿਆਨ ਵਿਚ ਅੰਮ੍ਰਿਤਾ ਵੜਿੰਗ ਇਕ ਚੋਣ ਜਲਸੇ ਵਿਚ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਦੀ ਤੁਲਨਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨਾਂ ਦੇ ਪੰਜੇ (ਹੱਥ) ਨਾਲ ਕਰ ਰਹੀ ਹੈ। ਅੰਮ੍ਰਿਤਾ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲਿਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਉਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਖੂਨੀ ਪੰਜੇ ਦੀ ਤੁਲਨਾ ਸਿੱਖ ਗੁਰੂਆ ਨਾਲ ਕਰਨਾ ਅੰਮ੍ਰਿਤਾ ਵੜਿੰਗ ਦੇ ਵਿਗੜੇ ਦਿਮਾਗੀ ਸੰਤੁਲਨ ਦੀ ਗਵਾਹੀ ਹੈ।
ਇਹ ਕਿਹਾ ਅੰਮ੍ਰਿਤ ਵੜਿੰਗ ਨੇ —
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰੂਆ ਦੇ ਨਾਮ ਉਤੇ ਵੋਟਾਂ ਮੰਗ ਰਹੀ ਹੈ। ਉਹਨਾਂ ਵੋਟਰਾ ਨੂੰ ਅਪੀਲ ਕਰਦਿਆ ਕਿਹਾ ਕਿ ਤੁਹਾਡੀ ਵੋਟ ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ, ਮਹਾਂਵੀਰ ਜੀ ਤੇ ਹੋਰ ਗੁਰੂਆ ਦਾ ਨਿਸ਼ਾਨ ਅਕਸਰ ਪੰਜਾਂ ਹੋਇਆ ਕਰਦਾ ਸੀ। ਕਾਂਗਰਸ ਪਾਰਟੀ ਨੇ ਚੋਣ ਨਿਸ਼ਾਨ ਪੰਜਾਂ ਇਹਨਾਂ ਗੁਰੂਆ ਕਰਕੇ ਚੁਣਿਆ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗੁਰੂਆਾਂ ਦੇ ਪੰਜੇ ਲਈ ਵੋਟ ਮੰਗਣ ਆਈ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ, ਜਿਸਨੇ ਸਾਨੂੰ ਅਜ਼ਾਦੀ ਦਿਵਾਈ ਹੈ।
ਹਾਲਾਂਕਿ ਅੰਮ੍ਰਿਤਾ ਵੜਿੰਗ ਦੇ ਇਸ ਵਿਵਾਦਿਤ ਬਿਆਨ ਬਾਰੇ ਪਤਾ ਨਹੀਂ ਚ੍ਰਲ ਸਕਿਆ ਕਿ ਇਹ ਕਦੋ ਅਤੇ ਕਿਥੋਂ ਦਾ ਹੈ। ਕਰੀਬ 40 ਸੈਕਿੰਡ ਦੇ ਇਸ ਬਿਆਨ ਨੇ ਸਿਆਸੀ ਹਲਕਿਆ ਵਿਚ ਸਿਆਸੀ ਤਰਥੱਲੀ ਮਚਾ ਦਿੱਤੀ ਹੈ। ਇਸ ਬਿਆਨ ਨੂੰ ਲੈ ਕੇ ਸਿੱਖ ਹਲਕਿਆ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਲੇਰ ਨੇ ਕੀ ਕੀਤਾ-
ਸ਼੍ਰੋਮਣੀ ਅਕਾਲੀ ਦਲ ਦੇ ਲਿਗਲ ਵਿੰਗ ਦੇ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਤਰਜ਼ਮਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਖੂਨੀ ਪੰਜੇ ਦੀ ਤੁਲਨਾ ਗੁਰੂ ਸਾਹਿਬਾਨਾ ਦੇ ਪੰਜੇ ਨਾਲ ਕਰਕੇ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕਿਆ ਹੈ। ਕਲੇਰ ਨੇ ਕਿਹਾ ਕਿ ਅਕਾਲੀ ਦਲ ਨੇ ਅੰਮ੍ਰਿਤਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਉਨਾਂ ਕਿਹਾ ਕਿ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਗੁਰੂਆ ਦੇ ਪੰਜੇ (ਹੱਥ) ਨਾਲ ਕਰਨ ਨੂੰ ਲੈ ਕੇ ਵੜਿੰਗ ਨੂੰ ਤੁਰੰਤ ਸਿਖ ਜਗਤ ਤੋ ਮਾਫ਼ੀ ਮੰਗਣੀ ਚਾਹੀਦੀ ਹੈ।
ਚੇਤੇ ਰਹੇ ਕਿ ਅੱਜ ਕਾਂਗਰਸ ਪਾਰਟੀ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋ ਉਮੀਦਵਾਰ ਐਲਾਨਿਆ ਹੈ ਅਤੇ ਅੱਜ ਹੀ ਉਹਨਾੰ ਦੀ ਜੀਵਨ ਸਾਥੀ ਅੰਮ੍ਰਿਤਾ ਵੜਿੰਗ ਦਾ ਵਿਵਾਦਿਤ ਬਿਆਨ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ।