ਪ੍ਰਤਾਪ ਬਾਜਵਾ ਦੇ ਬਿਆਨ ‘ਤੇ ‘ਆਪ’ ਦਾ ਪਲਟਵਾਰ, ਕਿਹਾ- ਉਨ੍ਹਾਂ ਦੇ ਆਪਣੇ ਵਿਧਾਇਕ ਹੀ ਸੰਪਰਕ ‘ਚ ਨਹੀਂ ਹਨ

ਚੰਡੀਗੜ੍ਹ, 10 ਫਰਵਰੀ (ਖ਼ਬਰ ਖਾਸ ਬਿਊਰੋ)

ਆਮ ਆਦਮੀ ਪਾਰਟੀ ਨੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ‘ਤੇ ਪਲਟਵਾਰ ਕੀਤਾ ਹੈ, ਜਿਸ ‘ਚ ਉਨ੍ਹਾਂ ਕਿਹਾ ਹੈ ਕਿ ‘ਆਪ’ ਦੇ 30 ਵਿਧਾਇਕ ਸਾਡੇ ਸੰਪਰਕ ‘ਚ ਹਨ। ਪਾਰਟੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਵਿਧਾਇਕ ਤਾਂ ਦੂਰ, ਬਾਜਵਾ ਦੀ ਆਪਣੀ ਪਾਰਟੀ ਦੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ।
‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਾਜਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਸਾਰੇ ਕਾਂਗਰਸੀ ਵਿਧਾਇਕ ਤੁਹਾਡੇ ਸੰਪਰਕ ‘ਚ ਹਨ? ਜੇਕਰ ਹਾਂ ਤਾਂ ਸੰਦੀਪ ਜਾਖੜ ਕਿੱਥੇ ਹਨ? ਡਾ: ਰਾਜਕੁਮਾਰ ਚੱਬੇਵਾਲ ਨੇ ਪਾਰਟੀ ਕਿਉਂ ਛੱਡੀ?

ਕੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਦਾ ਅਸਲੀ ਭਰਾ ਫਤਿਹਗੰਜ ਬਾਜਵਾ ਉਨ੍ਹਾਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ, ਉਹ ਰੋਕ ਨਹੀਂ ਸਕੇ। ਇਕ ਤਰਫ਼ ਕਾਂਗਰਸੀ ਆਗੂ, ਵਿਧਾਇਕ ਤੇ ਸਾਬਕਾ ਵਿਧਾਇਕ ਲਗਾਤਾਰ ਪਾਰਟੀ ਛੱਡ ਰਹੇ ਹਨ, ਪਰ ਬਾਜਵਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੈ ਕੇ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ‘ਮੁੰਗੇਰੀਲਾਲ ਦੇ ਹਸੀਨ ਸੁਪਨੇ’ ਦੇਖ ਰਹੇ ਹਨ ਜੋ ਕਦੇ ਪੂਰੇ ਨਹੀਂ ਹੋਣਗੇ। ਬਾਜਵਾ ਬੇਬੁਨਿਆਦ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਦਾਅਵੇ ਕਦੇ ਸੱਚ ਨਹੀਂ ਹੁੰਦੇ। ਕੰਗ ਨੇ ਕਿਹਾ ਕਿ ਅੱਜ ਕਾਂਗਰਸ ਦੀ ਹਾਲਤ ਇਹ ਬਣ ਗਈ ਹੈ ਕਿ ਦਿੱਲੀ ਵਿੱਚ ਜ਼ੀਰੋ ਸੀਟਾਂ ਮਿਲਣ ਦੇ ਬਾਵਜੂਦ ਇਸ ਦੇ ਆਗੂ ਆਪਣੇ ਦਫ਼ਤਰ ਵਿੱਚ ਜਸ਼ਨ ਮਨਾ ਰਹੇ ਸਨ ਅਤੇ ਨੱਚ ਰਹੇ ਸਨ। ਉਹ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਰਹੇ ਸਨ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪਾਰਟੀ ਵਿਧਾਇਕਾਂ ਦੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਹੋਈ ਮੀਟਿੰਗ ਬਾਰੇ ਕੰਗ ਨੇ ਕਿਹਾ ਕਿ ਇਹ ਇੱਕ ਜਥੇਬੰਦਕ ਮੀਟਿੰਗ ਹੈ। ਅਰਵਿੰਦ ਕੇਜਰੀਵਾਲ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਨ। ਅਜਿਹੀਆਂ ਮੀਟਿੰਗਾਂ ਕਿਸੇ ਵੀ ਪਾਰਟੀ ਦੀ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ।

Leave a Reply

Your email address will not be published. Required fields are marked *