ਚੰਡੀਗੜ੍ਹ, 10 ਫਰਵਰੀ (ਖ਼ਬਰ ਖਾਸ ਬਿਊਰੋ)
ਫਰੀਦਕੋਟ ਜ਼ਿਲ੍ਹੇ ਦੇ ਚੰਦਭਾਨ ਪਿੰਡ ਵਿੱਚ ਘਰੇਲੂ ਗੰਦੇ ਪਾਣੀ ਦੇ ਨਿਕਾਸ ਤੋਂ ਪੰਜ ਫਰਵਰੀ ਨੂੰ ਉਤਪੰਨ ਹੋਏ ਪਿੰਡ ਦੇ ਦੋ ਧੜਿਆਂ ਵਿਚਕਾਰ ਝਗੜੇ ਨੂੰ ਨਿਪਟਾਉਣ ਦੀ ਬਜਾਏ ਪੁਲਿਸ ਨੇ ਦਲਿਤਾਂ ਤੇ ਉਹਨਾਂ ਦੇ ਪਰਿਵਾਰਾਂ ’ਤੇ ਅਣਮਨੁੱਖੀ ਕਹਿਰ ਢਾਹਿਆ, ਹਿਰਾਸਤ ਵਿੱਚ ਲਿਆਂ ਅਤੇ ਦਰਜਨਾਂ ਕੇਸ ਦਰਜ ਕੀਤੇ।
ਪੁਲਿਸ ਨੇ ਜਾਹਰਾ ਇਕ ਪਾਸੜ ਐਕਸ਼ਨ 91 ਦਲਿਤਾਂ ’ਤੇ ਹੀ ਕੇਸ ਦਰਜ ਕੀਤੇ ਅਤੇ 39 ਦਲਿਤਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ। ਵੀਡੀਓ ਅਤੇ ਹੋਰ ਸਬੂਤਾਂ ਨੂੰ ਦਰਕਿਨਾਰ ਕਰਦਿਆਂ ਬਦਲਾ ਲਊ ਨੀਤੀ ਰਾਹੀਂ ਪੁਲਿਸ ਨੇ ਪਿੰਡ ਦੀ ਦਲਿਤ ਸਰਪੰਚ, ਅਮਨਦੀਪ ਕੌਰ ਅਤੇ ਉਸਦੇ ਪਤੀ ਕੁਲਦੀਪ ਸਿੰਘ ਦੇ ਘਰ ਦਾ ਸਾਮਾਨ ਪੁਲਿਸ ਨੇ ਤੋੜਿਆ, ਤਬਾਹ ਕੀਤਾ ਅਤੇ ਪਿੰਡ ਦੀ ਦਲਿਤ ਬਸਤੀ ਵਿੱਚ ਕਈ ਬੇਕਸੂਰ ਦਲਿਤਾਂ ਨੂੰ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।
ਹੈਰਾਨੀ ਹੈ ਕਿ, ਦਲਿਤਾਂ ’ਤੇ ਦੇਸ਼-ਧ੍ਰੋਹੀ ਦੇ ਕੇਸ ਬਣਾ ਕੇ ਰੱਖਣ ਲਈ ਜ਼ਿਲ੍ਹੇ ਦਾ ਪੁਲਿਸ ਮੁਖੀ ਬਜ਼ਿੱਦ ਹੈ, ਜਦੋਂ ਕਿ ਮੌਕੇ ਦੇ ਪੁਲਿਸ ਅਫਸਰ (ਐਸ.ਐਚ.ਓ) ਅਤੇ ਹਲਕੇ ਦੇ ਐਮ.ਐਲ.ਏ ਦੇ ਪੱਖਪਾਤੀ ਰੋਲ ਉਤੇ ਅਜੇ ਵੀ ਉਗਲਾਂ ਉੱਠ ਰਹੀਆਂ ਹਨ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ, ਕਿਸ਼ੋਰ ਮਕਵਾਨਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਰਖ਼ਾਸਤਾਂ ਭੇਜ ਕੇ ਪੁਲਿਸ ਅਫਸਰਾਂ, ਖਾਸ ਕਰਕੇ ਠਾਣੇਦਾਰ ਦੇ ਪੱਖਪਾਤੀ ਵਰਤਾਓ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਦਰਜਨਾਂ ਦਲਿਤ/ਮਜ਼ਦੂਰ ਯੂਨੀਅਨਾਂ, ਭਾਰਤ ਨੌਜਵਾਨ ਸਭਾ ਅਤੇ ਕਿਸਾਨ ਯੂਨੀਅਨਾਂ ਵੱਲੋਂ ਪੁਲਿਸ ਦੀ ਇਕ ਪਾਸੜ ਭੂਮਿਕਾ ਅਤੇ ਹਲਕੇ ਦੇ ਐਮ.ਐਲ.ਏ ਦੇ ਸ਼ੱਕੀ ਰੋਲ ਵਿਰੁੱਧ ਧਰਨੇ/ਮੁਜ਼ਹਾਰੇ ਕੀਤੇ ਗਏ ਹਨ।
ਅਸੀਂ ਉਹਨਾਂ ਜਥੇਬੰਦੀਆਂ ਦੀ ਇਨਸਾਫ ਲਈ ਜ਼ੱਦੋ-ਜਹਿਦ ਦਾ ਖੁੱਲ੍ਹੇ ਦਿਲੋਂ ਸਮਰਥਨ ਕਰਦੇ ਹਾਂ ਅਤੇ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਚੰਦਭਾਨ ਪਿੰਡ ਦੀ ਘਟਨਾਂ ਦੀ ਨਿਆਂਇਕ ਜਾਂਚ ਤੁਰੰਤ ਕਰਵਾਵੇ ਤਾਂਕਿ ਪੁਲਿਸ ਦੇ ਇਕ-ਪਾਸੜ ਐਕਸ਼ਨ ਉੱਤੇ ਠੱਲ ਪਾਈ ਜਾ ਸਕੇ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।