ਜਲੰਧਰ 6 ਫਰਵਰੀ, (ਖ਼ਬਰ ਖਾਸ ਬਿਊਰੋ)
ਸ਼ਾਹਕੋਟ ਨੇੜ੍ਹੇ ਪੁਲਿਸ ਨਾਲ ਹੋਏ ਇਕ ਮੁਕਾਬਲੇ ਵਿਚ ਕਈ ਮਾਮਲਿਆਂ ਵਿਚ ਲੋੜੀਂਦਾ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਅਨੁਸਾਰ ਜਵਾਬੀ ਕਾਰਵਾਈ ਦੌਰਾਨ ਗੋਲੀ ਅਪਰਾਧੀ ਸੁਖਰਾਜ ਸਿੰਘ ਦੀ ਲੱਤ ਵਿਚ ਲੱਗੀ। ਜਿਸ ਕਰਕੇ ਉਹ ਜਖ਼ਮੀ ਹੋ ਕੇ ਡਿੱਗ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਦੀ ਪਛਾਣ ਸੁਖਰਾਜ ਸਿੰਘ ਉਰਫ਼ ਸੁਖਪ੍ਰੀਤ ਸਿੰਘ ਸੁੱਖਾ ਵਜੋਂ ਹੋਈ ਹੈ, ਜੋ ਕਿ ਸ਼ਾਹਕੋਟ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਸੁਖਰਾਜ ਸਿੰਘ ਪੁਲਿਸ ਨੂੰ ਕਤਲ ਦੀ ਕੋਸ਼ਿਸ਼ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ, ਡੀਐਸਪੀ ਓਮਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਾਹਕੋਟ ਥਾਣੇ ਦੀ ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਪੁਲਿਸ ਟੀਮ ਉਸਨੂੰ ਗ੍ਰਿਫ਼ਤਾਰ ਕਰਨ ਲਈ ਅੱਗੇ ਵਧੀ ਤਾਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਦੋਸ਼ੀ ਦੀ ਸੱਜੀ ਲ੍ਤ ਵਿਚ ਲੱਗੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।
ਐਸਐਸਪੀ ਖੱਖ ਨੇ ਕਿਹਾ ਕਿ ਮੁਲਜ਼ਮ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਸੱਤ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ। ਹਾਲ ਹੀ ਵਿੱਚ 14 ਜਨਵਰੀ ਨੂੰ, ਉਸਨੂੰ ਪੁਨੀਆ ਪਿੰਡ ਦੇ ਗੋਇਲ ਪੈਟਰੋਲ ਪੰਪ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨਾਲ ਜੋੜਿਆ ਗਿਆ ਸੀ। ਜਿੱਥੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਕੈਨੇਡੀਅਨ ਨਿਵਾਸੀ ‘ਤੇ ਹਮਲਾ ਕੀਤਾ ਅਤੇ ਉਸਦੀ ਗੱਡੀ ‘ਤੇ ਕਈ ਗੋਲੀਆਂ ਚਲਾਈਆਂ ਸਨ।