ਮਾਨਸਾ, 29 ਅਪ੍ਰੈਲ (ਖ਼ਬਰ ਖਾਸ ਬਿਊਰੋ)
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਦੀ ਚਰਚਾ ਦੇ ਮੱਦੇਨਜ਼ਰ ਅੱਜ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ, ਬਠਿੰਡਾ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਪਿੰਡ ਮੂਸਾ ਵਿਖੇ ਉਨ੍ਹਾਂ ਦੀ ਹਵੇਲੀ ਜਾਣਗੇ। ਕੱਲ੍ਹ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ, ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਆਜ਼ਾਦ ਉਮੀਦਵਾਰ ਚੋਣ ਲੜਨ ਦੀ ਚਰਚਾ ਤੋਂ ਬਾਅਦ ਕਾਂਗਰਸ ਉਨ੍ਹਾਂ ਨੂੰ ਮਨਾਉਣ ’ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਹੁਣ ਜਦੋਂ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸੰਸਾਰ ਵਿੱਚ ਆ ਗਿਆ ਹੈ ਅਤੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਤਾਂ ਬਲਕੌਰ ਸਿੰਘ ਚੋਣ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ। ਇਸੇ ਦੌਰਾਨ ਲੋਕ ਰਾਜ ਪੰਜਾਬ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲੋਕ ਸਭਾ ਚੋਣ ਲੜਨ ਲਈ ਮਨਾਉਣ ਵਿੱਚ ਸਫ਼ਲ ਰਹਿਣ ਦਾ ਦਾਅਵਾ ਕਰਦਿਆਂ ਡਾ. ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੂਸੇਵਾਲਾ ਪਰਿਵਾਰ ਲੋਕ ਸਭਾ ਚੋਣ ਅਜ਼ਾਦ ਉਮੀਦਵਾਰ ਵਜੋਂ ਹੀ ਲੜੇਗਾ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਆਪਣਾ ਫ਼ੈਸਲਾ ਕਾਂਗਰਸ ਹਾਈਕਮਾਂਡ ਨੂੰ ਚੋਣ ਕਮੇਟੀ ਦੀ ਪਰਸੋਂ ਰਾਤ ਦੱਸ ਦਿੱਤਾ ਸੀ ਤਾਂ ਜੋ ਕਾਂਗਰਸ ਬਠਿੰਡਾ ਤੋਂ ਆਪਣਾ ਐਲਾਨਿਆ ਉਮੀਦਵਾਰ ਵਾਪਸ ਲੈਣ ਦਾ ਫ਼ੈਸਲਾ ਕਰ ਸਕੇ।