ਮੋਹਾਲੀ 30 ਜਨਵਰੀ( ਖ਼ਬਰ ਖਾਸ ਬਿਊਰੋ)
ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਦੇ ਸੂਬਾਈ ਆਗੂਆਂ ਦਾ ਵਫ਼ਦ ਪੰਜਾਬ ਕਿਰਤ ਵਿਭਾਗ ਦੇ ਕਿਰਤ ਕਮਿਸ਼ਨਰ ਨੂੰ ਮਿਲਿਆ । ਵਫ਼ਦ ਨੇ ਲਾਭਪਾਤਰੀ ਕਿਰਤੀਆਂ ਦੇ ਮਸਲਿਆਂ ਦਾ ਹੱਲ ਨਾ ਹੋਣ ਤੇ ਕਿਰਤ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦੇਣ ਦਾ ਨੋਟਿਸ ਦਿੱਤਾ ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ,ਸਕੱਤਰ ਜੈਪਾਲ ਸਿੰਘ, ਸਹਾਇਕ ਸਕੱਤਰ ਪਰਮਜੀਤ ਢਾਬਾ ਅਤੇ ਖਜ਼ਾਨਚੀ ਪ੍ਰਦੀਪ ਚੀਮਾ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਵੱਲੋਂ 30/05/2023 ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਸੂਬੇ ਅੰਦਰ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਮ੍ਰਿਤਕ ਲਾਭਪਾਤਰੀ ਦੀ ਅਗਰ ਗਰੇਸ ਪੀਰੀਅਡ ਵਿੱਚ ਮੌਤ ਹੁੰਦੀ ਹੈ ਤਾਂ ਮਨਜ਼ੂਰੀ ਲਈ ਪ੍ਰਿੰਸੀਪਲ ਸਕੱਤਰ ਲੇਬਰ, ਪੰਜਾਬ ਸਰਕਾਰ ਤੋਂ ਲੈਣ ਦੀ ਲਾਈ ਸ਼ਰਤ ਬਿਲਕੁਲ ਗਲਤ ਹੈ, ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਆਗੂਆਂ ਨੇ ਦੱਸਿਆ ਕਿ ਕਿਰਤ ਕਮਿਸ਼ਨ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਗਈ ਹੈ ਕਿ ਫਾਰਮ ਨੰਬਰ 27 ਆਟੋਪੈਚ ਸਬੰਧੀ ਹੋਏ ਫੈਸਲੇ ਨੂੰ ਲਾਗੂ ਕੀਤਾ ਜਾਵੇ, ਰਜਿਸਟਰੇਸ਼ਨ ਅਤੇ ਕਾਪੀ ਨਵੀਂ ਕਰਵਾਉਣ ਲਈ ਆ ਰਹੀਆਂ ਦਿੱਕਤਾਂ ਅਤੇ ਗੈਰ ਵਾਜਿਬ ਲਗਾਏ ਜਾ ਰਹੇ ਇਤਰਾਜਾਂ ਨੂੰ ਤੁਰੰਤ ਦੂਰ ਕੀਤਾ ਜਾਵੇ, ਸਾਲ 2008 ਤੋਂ ਲੈ ਕੇ 2024 ਤੱਕ ਜੋ ਲਾਭਪਾਤਰੀਆਂ ਦੇ ਵਾਰਸਾਂ ਸਮਾਂ ਨਾ ਮਿਲਣ ਕਾਰਨ ਜਾਂ ਅਨਪੜਤਾ ਕਰਨ ਆਪਣਾ ਮੁਆਵਜ਼ਾ ਹਾਸਲ ਨਹੀਂ ਕਰ ਸਕੇ, ਉਹਨਾਂ ਨੂੰ ਅਪਲਾਈ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ, ਬੁਢਾਪਾ ਪੈਨਸ਼ਨ ਲੈਣ ਲਈ ਉਸਾਰੀ ਕਿਰਤੀਆਂ ਦੇ ਲਟਕਦੇ ਕੇਸਾਂ ਨੂੰ ਤੁਰੰਤ ਹੱਲ ਕੀਤਾ ਜਾਵੇ, ਹਰ ਮਹੀਨੇ ਕੇਸ ਪਾਸ ਕਰਨ ਲਈ ਮੀਟਿੰਗਾਂ ਕੀਤੀਆਂ ਜਾਣ, ਵਿਭਾਗ ਵਿੱਚ ਕਿਰਤੀਆਂ ਦੀ ਲੁੱਟ ਲਈ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਤੁਰੰਤ ਨੱਥ ਪਾਈ ਜਾਵੇ।
ਆਗੂਆਂ ਨੇ ਕਿਰਤ ਕਮਿਸ਼ਨਰ ਨਾਲ ਸਾਰੇ ਮਸਲਿਆਂ ਬਾਰੇ ਖੁੱਲ ਕੇ ਚਰਚਾ ਕਰਦਿਆਂ ਕਿਹਾ ਕਿ ਉਹ ਸਾਰੀ ਕਿਰਤੀ ਦੇਸ਼ ਦੇ ਨਿਰਮਾਣ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਰਿਹਾ ਹੈ। ਪ੍ਰੰਤੂ ਉਸ ਨੂੰ ਬੋਰਡ ਵੱਲੋਂ ਪ੍ਰਾਪਤ ਉਹਨਾਂ ਦੇ ਬਣਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾ ਅਤੇ ਸਕੱਤਰ ਜੈਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਮਸਲੇ ਹੱਲ ਕਰਵਾਉਣ ਲਈ ਸੂਬਾ ਪੱਧਰ ਤੇ ਫੈਸਲਾ ਲਿਆ ਗਿਆ ਹੈ ਕਿ 6 ਫਰਵਰੀ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਅਸਿਸਟੈਂਟ ਲੇਬਰ ਕਮਿਸ਼ਨਰ ਅਤੇ ਜੇਕਰ ਫਿਰ ਵੀ ਮਸਲੇ ਹੱਲ ਨਹੀਂ ਹੁੰਦੇ, ਤਾਂ 27 ਫਰਵਰੀ ਨੂੰ ਸੂਬਾ ਹੈਡਕੁਆਰਟਰ ਤੇ ਲੇਬਰ ਕਮਿਸ਼ਨਰ ਦੇ ਦਫਤਰ ਸਾਹਮਣੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।ਆਗੂਆਂ ਨੇ ਇਹ ਵੀ ਦੱਸਿਆ ਕਿ ਲੇਬਰ ਕਮਿਸ਼ਨਰ ਨੂੰ ਉਸਾਰੀ ਕਿਰਤੀਆਂ ਦੇ ਮਸਲਿਆਂ ਬਾਰੇ ਖੁੱਲ ਕਿ ਜਾਣਕਾਰੀ ਦਿੱਤੀ ਗਈ ਹੈ ਅਤੇ ਉਨਾਂ ਨੇ ਸਾਰੇ ਮਸਲਿਆਂ ਨੂੰ ਤੁਰੰਤ ਹੱਲ ਕਰਨ ਲਈ ਵਿਸ਼ਵਾਸ ਦਵਾਇਆ ਹੈ।