ਮੋਹਾਲੀ, 28 ਜਨਵਰੀ (ਖ਼ਬਰ ਖਾਸ ਬਿਊਰੋ)
ਜ਼ਿਲ੍ਹੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਮੰਗਲਵਾਰ ਨੂੰ ਦਿਨ ਦਿਹਾੜੇ ਐਰੋਸਿਟੀ ਇਲਾਕੇ ਵਿਚ ਲੁਟੇਰਿਆਂ ਨੇ ਪੈਟਰੋਲ ਪੰਪ ਮੈਨੇਜਰ ਤੋਂ ਪੰਜ ਲੱਖ ਰੁਪਏ ਲੁੱਟ ਲਏ। ਦੱਸਿਆ ਜਾਂਦਾ ਹੈ ਕਿ ਲੁਟੇਰੇ ਨਗਦੀ ਦੇ ਨਾਲ ਨਾਲ ਪੰਪ ਮੈਨੇਜਰ ਦਾ ਸਕੂਟਰ ਵੀ ਖੋਹ ਕੇ ਫਰਾਰ ਹੋ ਗਏ ਹਨ। ਵਾਰਦਾਤ ਦੀ ਸਾਰੀ ਕਹਾਣੀ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਦਿਨ ਦਿਹਾੜੇ ਲੁੱਟ ਦੀ ਵਾਰਦਾਤ ਹੋਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਪੀੜਤ ਪੰਪ ਮੈਨੇਜਰ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਘਟਨਾ ਦਾ ਵੇਰਵਾ ਨਸ਼ਰ ਕਰਦਿਆਂ ਪੈਟਰੋਲ ਪੰਪ ਦੇ ਮਾਲਕ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਰਾਜਪੁਰਾ-ਜ਼ੀਰਕਪੁਰ ਰੋਡ ‘ਤੇ ਨੀਲਮ ਹਸਪਤਾਲ ਦੇ ਨੇੜੇ ਉਹਨਾਂ ਦਾ ਪੈਟਰੋਲ ਪੰਪ ਹੈ। ਮੈਨੇਜਰ ਪੰਪ ਤੋਂ ਨਕਦੀ ਲੈ ਕੇ ਮੋਹਾਲੀ ਦੇ ਬਾਕਰਪੁਰ ਸਥਿਤ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ।
ਜਦੋਂ ਉਹ ਐਰੋਸਿਟੀ ਦੇ “ਈ” ਬਲਾਕ ਨੇੜੇ ਪਹੁੰਚਿਆ ਤਾਂ ਮੂੰਹ ਢਕੇ ਹੋਏ ਤਿੰਨ ਨੌਜਵਾਨਾਂ ਜਿਹੜੇ ਮੋਟਰ ਸਾਇਕਲ ‘ਤੇ ਸਵਾਰ ਸਨ, ਨੇ ਮੈਨੇਜਰ ਨੂੰ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ। ਇਸੀ ਦੌਰਾਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੈਨੇਜਰ ਉਤੇ ਹਮਲਾ ਕਰ ਦਿਤਾ ਅਤੇ ਉਸਤੋਂ ਪੰਜ ਲੱਖ ਰੁਪਏ, ਸਕੂਟਰ ਖੋਹ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਮੈਨੇਜਰ ਨੂੰ ਸੱਟਾਂ ਲੱਗੀਆਂ ਹਨ ਪਰ ਉਹਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ। ਉਧਰ ਪੁਲਿਸ ਨੇ ਮੌਕੇ ਉਤੇ ਪੁੱਜਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਿਸ ਸੀਸੀਟੀਵੀ ਦੀਆਂ ਫੋਟੋਆਂ ਨੂੰ ਖੰਗਾਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਲੁਟੇਰਿਆ ਦੀ ਕੋਈ ਪਹਿਚਾਣ ਨਹੀਂ ਹੋ ਸਕੀ।