ਚੰਡੀਗੜ੍ਹ, 13 ਅਪ੍ਰੈਲ (ਖਬਰ ਖਾਸ)
ਹਾਕਮ ਪਾਰਟੀ ਭਾਜਪਾ ਨੇ ਹਿੰਦੂਤਵੀ ਤਾਨਾਸ਼ਾਹੀ ਖੜੀ ਕਰਕੇ ਲੋਕਤੰਤਰ ਦੇ ਮਜ਼ਬੂਤ ਥੰਮਾਂ ਨੂੰ ਜਰਜਰਾ ਕਰ ਦਿੱਤਾ ਅਤੇ ਜਿਸ ਕਰਕੇ ਭਾਰਤੀ ਪਰਜਾਤੰਤਰ ਖਤਰੇ ਵਿੱਚ ਪੈ ਗਈ ਹੈ। ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਣ ਸੱਤਾ ਦਾ ਕੇਂਦਰੀਕਰਨ ਵੀ ਚਰਮਸੀਮਾਂ ਉੱਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਕੇ, ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ ਵੀ ਬਜਿੱਦ ਹੈ। ਚੰਦ-ਕੁ ਵੱਡੇ ਕਾਰਪੋਰੇਟ ਘਰਾਣਿਆਂ ਦੀ ਮਦਦ ’ਚ ਖੜੀ ਭਾਜਪਾ ਨੇ ਪਹਿਲਾ ਹੀ ਰੇਲਵੇ, ਬੰਦਰਗਾਹਾਂ, ਹਵਾਈ ਅੱਡੇ ਅਤੇ ਅਮੁਲ ਖਣਿਜ ਪਦਾਰਥ ਅਤੇ ਹੋਰ ਕੁਦਰਤੀ ਸਾਧਨ ਨਿੱਜੀ ਹੱਥਾਂ ਵਿੱਚ ਸੌਂਪ ਦਿੱਤੇ ਹਨ। ਜਿਸ ਕਰਕੇ, ਆਰਥਕ-ਪਾੜਾ ਅਤੇ ਬੇਰੁਜ਼ਗਾਰੀ ਸਿਖਰਾਂ ਛੋਹ ਗਈ ਹੈ। ਭਾਜਪਾ ਨੇ ਚੋਣ ਬਾਂਡਾਂ ਰਾਹੀ ਬਾਂਹ ਮਰੋੜ ਕੇ ਇਕੱਠੇ ਕੀਤੇ ਚੰਦੇ ਰਾਹੀ ਸਿਆਸਤ ਅਤੇ ਵਿਰੋਧੀ ਪਾਰਟੀ ਦੇ ਲੀਡਰਾਂ ਦੀ ਖਰੀਦੋ-ਫਰੋਖਤ ਸ਼ੁਰੂ ਕੀਤੀ ਹੋਈ ਹੈ। ਇਹਨਾਂ ਵਰਤਾਰਿਆਂ ਨੂੰ ਮੱਦੇ ਨਜ਼ਰ ਰੱਖਿਆ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਬੁਲਾਈ ਚਿੰਤਕਾਂ ਦੀ ਮੀਟਿੰਗ ਨੇ ਇੰਡੀਆ ਗਠਜੋੜ ਦੇ ਹੱਕ ਖੜ੍ਹੇ ਹੋਣ ਦਾ ਫੈਸਲਾ ਕੀਤੀ।
ਇਸ ਤੋਂ ਇਲਾਵਾ ਮੌਜੂਦਾ ਹਾਲਤ ਵਿੱਚ ‘ਅਜ਼ਾਦ ਅਤੇ ਨਿਰਪੱਖ’ ਚੋਣਾਂ ਦੀ ਆਸ ਮੱਧਮ ਪੈ ਗਈ ਹੈ ਅਤੇ ਭਾਜਪਾ, ਕ੍ਰਿਕਟ ਦੀ ਤਰਜ਼ ਉੱਤੇ ‘ਮੈਚ ਫਿਕਸ਼ਿੰਗ’ ਕਰਕੇ ਅਤੇ ਈ.ਵੀ.ਐਮ ਦੀ ਮਦਦ ਨਾਲ ਚੋਣਾਂ ਜਿੱਤਣ ਲਈ ਨੰਗੇ-ਚਿੱਟੇ ਤੌਰ ਉੱਤੇ ਮੈਦਾਨ ਵਿਚ ਉਤਰੀ ਹੋਈ ਹੈ। ਚਿੰਤਕਾਂ/ਬੁੱਧੀਜੀਵੀਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇ ਤੀਸਰੀ ਵਾਰ ਭਾਜਪਾ ਦੀ ਮੋਦੀ ਸਰਕਾਰ ਬਣ ਤਾਂ ਦੇਸ਼ ਵਿਚ ਰਾਜਨੀਤਿਕ ਪ੍ਰਬੰਧ ਬਦਲ ਜਾਣ ਦਾ ਡਰ ਹੈ ਅਤੇ ਦੁਬਾਰਾ ਲੋਕ ਸਭਾ ਦੀ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਵੀ ਘੱਟ ਜਾਣਗੀਆ।
ਇਹਨਾਂ ਮੁੱਦਿਆਂ ਨੂੰ ਮੁੱਖ ਰੱਖਦਿਆਂ ਚਿੰਤਕਾਂ ਨੇ, ਪੰਜਾਬੀਆਂ ਨੂੰ ਖਾਸ ਕਰਕੇ, ਸਿੱਖਾਂ ਨੂੰ ਅਪੀਲ ਹੈ ਕਿ ਉਹ ਨਾਜੁਕ ਹਾਲਤਾਂ ਨੂੰ ਮੱਦੇ ਨਜ਼ਰ ਰੱਖਦੇ, ਮੌਜੂਦਾ ਲੋਕ ਸਭਾ ਚੋਣਾਂ ਨੂੰ ਲੋਕਤੰਤਰ ਬਚਾਉਣ ਦੀ ਆਖਰੀ ਘੜੀ ਨੂੰ ਗਹਿਰਾਹੀ ਨਾਲ ਸਮਝਣ ਅਤੇ ਭਾਜਪਾ ਦੇ ਮਾਰੂ ਰੱਥ ਨੂੰ ਰੋਕਣ ਲਈ ਮੈਦਾਨ ਵਿੱਚ ਉਤਰਣ।
ਘੱਟ-ਗਿਣਤੀਆਂ, ਖਾਸ ਕਰਕੇ, ਸਿੱਖ ਭਾਈਚਾਰੇ ਨੂੰ ਸਮਝਣਾ ਚਾਹੀਦਾ ਹੈ ਕਿ ਫੈਡਰਲਿਜਮ ਅਧਾਰਤ ਲੋਕਤੰਤਰ ਹੀ ਉਹਨਾਂ ਨੂੰ ਸਿਰ-ਚੁੱਕ ਕੇ ਜਿਉਣ ਦੇ ਮੌਕੇ ਦਿੰਦਾ ਹੈ ਜਦੋਂ ਕਿ ਹਿੰਦੂ ਰਾਸ਼ਟਰੀ ਘੱਟ-ਗਿਣਤੀਆਂ ਨੂੰ ਦਰੜ੍ਹਕੇ ਹੀ ਤਾਨਾਸ਼ਾਹੀ ਖੜ੍ਹੀ ਕਰੇਗੀ।
ਮੁਲਕ ਅੰਦਰ ਸੰਵਿਧਾਨ, ਫੈਡਰਲਿਜਮ, ਜਮਹੂਰੀਅਤ ਤੇ ਧਰਮ ਨਿਰਪੱਖ ਪਹੁੰਚ ਨੂੰ ਬਚਾਉਣ ਦੇ ਨਾਲ ਨਾਲ ਸਾਨੂੰ ਪੰਜਾਬ ਨਾਲ ਯੂਨੀਅਨ ਸਰਕਾਰਾਂ ਵੱਲੋਂ ਕੀਤੇ ਗੈਰਸੰਵਿਧਾਨਕ ਫੈਸਲਿਆਂ, ਅਸਲੀ ਅਰਥਾਂ ਵਿੱਚ ਪੰਜਾਬੀ ਸੂਬਾ ਬਣਾਉਣ ਦੀ ਥਾਂ ਪੰਜਾਬ ਨੂੰ ਵੰਡਣਾ ਇਸਦੇ ਕੁਦਰਤੀ ਸਾਧਨਾਂ , ਪਣ-ਬਿਜਲੀ, ਡੈਮਾਂ ਦੀ ਮਾਲਕੀ, ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਦੇ ਪੰਜਾਬ ਵਿੱਚ ਸ਼ਾਮਲ ਕਰਨ , ਅਟਾਰੀ – ਵਾਹਗਾ ਬਾਡਰ ਵਪਾਰ ਲਈ ਖੋਹਲਣ ਤੇ ਪੰਜਾਬ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੇ ਮੁੱਦਿਆਂ ਨੂੰ ਲੋਕ ਸਭਾ ਦੀ ਚੋਣ ਦਾ ਏਜੰਡਾ ਬਣਾਉਣਾ ਚਾਹੀਦਾ ਹੈ।
ਮੀਟਿੰਗ ਵਿੱਚ ਸ਼ਾਮਿਲ ਸਾਬਕਾ ਜੱਜ ਰਣਜੀਤ ਸਿੰਘ, ਪ੍ਰੋ. ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ), ਰਾਜਵਿੰਦਰ ਸਿੰਘ ਮਾਲੀ, ਮਾਲਵਿੰਦਰ ਸਿੰਘ ਮਾਲੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰਾ ਲਾਲ ਗਰਗ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਪ੍ਰੋ. ਮਨਜੀਤ ਸਿੰਘ ਆਦਿ ਸ਼ਾਮਿਲ ਹੋਏ।