ਚੰਡੀਗੜ 28 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਆਖ਼ਿਰ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਹਲਕੇ ਖਡੂਰ ਸਾਹਿਬ ਤੋਂ ਪੰਥਕ ਚਿਹਰਾ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆਂ ਹੈ। ਹੁਣ ਸਵਾਲ ਉਠਦਾ ਹੈ ਕਿ ਬਾਦਲ ਨੇ ਇਸ ਹਲਕੇ ਤੋ ਸੱਭਤੋਂ ਆਖ਼ਰੀ ਵਿਚ ਉਮੀਦਵਾਰ ਕਿਉੱ ਐਲਾਨਿਆ । ਦਰਅਸਲ ਇਸ ਸੀਟ ਨੂੰ ਲੈ ਕੇ ਪਾਰਟੀ ਅੰਦਰ ਕਾਫ਼ੀ ਕਸਮਕਸ਼ ਚੱਲ ਰਹੀ ਸੀ। ਹਲਕੇ ਦੇ ਵਰਕਰ ਤੇ ਪਾਰਟੀ ਦਾ ਇਕ ਧੜਾ ਸੀਨੀਅਰ ਆਗੂ ਤੇ ਮਾਝੇ ਦੇ ਜਰਨੈਲ ਵਜੋ ਜਾਣੇ ਜਾਂਦੇ ਬਿਕਰਮ ਮਜੀਠੀਆ ਨੂੰ ਉਮੀਦਵਾਰ ਬਣਾਉਣ ਦੀ ਮੰਗ ਕਰ ਰਿਹਾ ਸੀ, ਪਰ ਸੁਖਬੀਰ ਬਾਦਲ ਮਜੀਠੀਆ ਨੂੰ ਟਿਕਟ ਦੇਣ ਲਈ ਸਹਿਮਤ ਨਹੀਂ ਸਨ ਕਿ ਜੇਕਰ ਮਜੀਠੀਆ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਤਾਂ ਪਾਰਟੀ ਲਈ ਬਾਕੀਆ ਹਲਕਿਆ ਵਿਚ ਚੋਣ ਪ੍ਰਚਾਰ ਕਰਨਾ ਔਖਾ ਹੋ ਜਾਵੇਗਾ। ਇਸ ਵਕਤ ਸੁਖਬੀਰ ਬਾਦਲ ਤੋ ਬਿਨਾ ਕੋਈ ਹੋਰ ਸੀਨੀਅਰ ਆਗੂ ਚੋਣ ਪ੍ਰਚਾਰ ਵਿਚ ਸਰਗਰਮ ਨਹੀ ਹੈ। ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਧੜਾ ਬੇਸ਼ਕ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਹੈ, ਪਰ ਸੰਗਰੂਰ ਸੀਟ ਉਤੇ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇਣ ਕਾਰਨ ਢੀਂਡਸਾ ਪਰਿਵਾਰ ਤੇ ਧੜਾ ਕਾਫ਼ੀ ਦੁਖੀ ਹੈ. ਇਸ ਕਰਕੇ ਢੀਂਡਸਾ ਨੇ ਪ੍ਰਚਾਰ ਤੋ ਦੂਰੀ ਬਣਾਈ ਹੋਈ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂੁਕਾ ਦਾ ਪੁੱਤ ਤੇ ਨੂੰਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜਿਸ ਕਰਕੇ ਮਲੂਕਾ ਵੀ ਅਜੇ ਚੁੱਪ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਡਾ ਦਲਜੀਤ ਸਿੰਘ ਚੀਮਾ ਖੁਦ ਚੋਣ ਮੈਦਾਨ ਵਿਚ ਉਤਰੇ ਹੋਏ ਹਨ।
ਸਿਆਸੀ ਹਲਕਿਆ ਵਿਚ ਚਰਚਾ ਹੈ ਕਿ ਖਡੂਰ ਸਾਹਿਬ ਤੋ ਨੌਜਵਾਨ ਤੇ ਪੰਥਕ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੋ ਡਿਬਰੂਗੜ ਜੇਲ ਵਿਚ ਬੰਦ ਹਨ, ਦੇ ਚੋਣ ਲੜਨ ਦੀਆਂ ਅਟਕਲਾਂ ਹਨ। ਇਸ ਕਰਕੇ ਅਕਾਲੀ ਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਿਆਸੀ ਤੋੜ ਲੱਭਦੇ ਹੋਏ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ। ਅਤੀਤ ਵਿਚ ਹੋਏ ਸਿੱਖ ਸੰਘਰਸ਼ ਦੌਰਾਨ ਵਲਟੋਹਾ ਨੇ ਪੁਲਿਸ ਤਸ਼ਦਦ ਤੇ ਜੇਲਾਂ ਕੱਟੀਆ ਹਨ। ਵਿਰਸਾ ਸਿਂਘ ਵਲਟੋਹਾ ਨੇ ਪੰਜਾਬ ਵਿਧਾਨ ਸਭਾ ਵਿਚ ਇਕ ਬਹਿਸ ਦੌਰਾਨ ਇਹ ਖੁੱਲਕੇ ਸਵੀਕਾਰ ਕੀਤੀ ਸੀ ਕਿ ਉਹ ਅੱਤਵਾਦੀ ਸੀ ਤੇ ਅੱਤਵਾਦੀ ਹੈ। ਅਕਾਲੀ ਦਲ ਨੇ ਵਲਟੋਹਾ ਦੇ ਵਿਧਾਨ ਸਭਾ ਵਿਚ ਇਸ ਬਿਆਨ ਤੇ ਕੋਈ ਟਿੱਪਣੀ ਨਹੀਂ ਸੀ ਕੀਤੀ। ਇਸ ਕਰਕੇ ਪੰਥਕ ਹਲਕੇ ਵਿਚ ਪਾਰਟੀ ਨੇ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ।
ਇਸੀ ਤਰਾਂ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋ ਉਮੀਦਵਾਰ ਹਨ। ਅਕਾਲੀ ਦਲ ਖਾਸਕਰਕੇ ਬਾਦਲ ਤੇ ਮਜੀਠੀਆ ਪਰਿਵਾਰ ਲਈ ਹਰਸਿਮਰਤ ਦੀ ਚੋਣ ਵਕਾਰ ਦਾ ਸਵਾਲ ਹੈ। ਇਸ ਕਰਕੇ ਸੁਖਬੀਰ ਬਾਦਲ ਨੇ ਮਜੀਠੀਆ ਦੀ ਥਾਂ ਉਨਾਂ ਦੇ ਕੱਟੜ ਸਮਰਥਕ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾਇਆ ਹੈ। ਹਾਲਾੰਕਿ ਕਈਆਂ ਨੇ ਸਾਬਕਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਹਰਪ੍ਰੀਤ ਸਿੰਘ ਸੰਧੂ ਨੂੰ ਵੀ ਉਮੀਦਵਾਰ ਬਣਾਉਣ ਦੀ ਹਾਮੀ ਭਰੀ ਸੀ, ਪਰ ਅੰਤ ਮਜੀਠੀਆ ਦੀ ਚੱਲੀ ਤੇ ਵਲਟੋਹਾ ਨੂੰ ਟਿਕਟ ਦਿੱਤੀ ਗਈ ਹੈ।
ਦੂਜਾ ਕਾਰਨ ਇਹ ਵੀ ਹੈ ਕਿ ਵਲਟੋਹਾ ਨੇ ਪੰਥ,ਪੰਜਾਬ ਤੇ ਪੰਜਾਬੀਅਤ ਦੀ ਖਾਤਰ ਲਗਭਗ 10 ਸਾਲ ਜੋਧਪੁਰ ਤੇ ਤਿਹਾੜ ਵਰਗੀਆਂ ਜੇਲਾਂ ਕੱਟੀਆਂ ਹਨ। ਬਾਦਲ ਨੇ ਕਿਹਾ ਕਿ ਵਲਟੋਹਾ ਉੱਤੇ ਦੋ ਵਾਰ ਸਰਕਾਰ ਨੇ ਐਨ.ਐਸ.ਏ ਵੀ ਲਗਾਈ।ਵਲਟੋਹਾ ਨੇ ਇੱਕ ਸਧਾਰਣ ਕਿਸਾਨ ਪਰਿਵਾਰ ਵਿੱਚੋਂ ਉੱਠਕੇ ਪੰਥ ਤੇ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।ਵਲਟੋਹਾ ਨੇ ਹਮੇਸ਼ਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਲਈ ਆਵਾਜ ਬੁਲੰਦ ਕੀਤੀ ਹੈ।ਆਪਣੇ 10 ਸਾਲ ਦੇ ਵਿਧਾਇਕ ਦੇ ਤੌਰ ‘ਤੇ ਸਮੇਂ ਦੌਰਾਨ ਵਲਟੋਹਾ ਨੇ ਹਲਕਾ ਖੇਮਕਰਨ ਅੰਦਰ ਹਰ ਪੱਖ ਤੋਂ ਵਿਕਾਸ ਕੀਤਾ।
.ਬਾਦਲ ਨੇ ਕਿਹਾ ਕਿ ਪੰਥ,ਪੰਜਾਬ ਦੀ ਬੇਹਤਰੀ,ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਪੰਜਾਬ ਦੀ ਤਰੱਕੀ ਲਈ ਵਲਟੋਹਾ ਨੇ ਵੱਡਾ ਰੋਲ ਨਿਭਾਇਆ ਹੈ।ਪੰਜਾਬ ਦੀ ਤਰੱਕੀ ਲਈ ਵਾਹਘਾ ਸਰਹੱਦ ਰਾਹੀਂ ਹਰ ਤਰਾਂ ਵਾਪਾਰ ਖੋਲਣ,ਕਿਸਾਨਾਂ ਮਜਦੂਰਾਂ,ਦੁਕਾਨਦਾਰਾਂ,ਵਾਪਾਰੀਆਂ ਅਤੇ ਮੁਲਾਜਮਾਂ ਦੀ ਬੇਹਤਰੀ ਦੇ ਏਜੰਡੇ ਨੂੰ ਲੈਕੇ ਸ.ਵਲਟੋਹਾ ਪਾਰਲੀਮੈਂਟ ਵਿੱਚ ਆਵਾਜ ਬੁਲੰਦ ਕਰਨਗੇ