ਜਲੰਧਰ ਤੋ ਸਹੁੰਗੜਾ ਲੜਨਗੇ ਚੋਣ ਤੇ ਗੁਰਦਾਸਪੁਰ ਤੋ ਬਾਜਵਾ ਨੂੰ ਦਿੱਤਾ ਸਮਰਥਨ
ਚੰਡੀਗੜ੍ਹ, 28 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਖਡੂਰ ਸਾਹਿਬ ਸੀਟ ਡਿਬਰੂਗੜ (ਅਸਾਮ) ਜੇਲ ਵਿਚ ਬੰਦ ਭਾਈ ਅਮ੍ਰਿਤਪਾਲ ਸਿੰਘ ਲਈ ਛੱਡ ਦਿੱਤੀ ਹੈ। ਇਸੀ ਤਰਾਂ ਜਲੰਧਰ ਤੋ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਬੇਟੇ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਗੁਰਦਾਸਪੁਰ ਸੀਟ ਉਤੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ ਦਿੱਤਾ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਜਲੰਧਰ ਸੀਟ ਤੋਂ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਜਦੋਂਕਿ ਖਡੂਰ ਸਾਹਿਬ ਸੀਟ ਭਾਈ ਅੰਮਿ੍ਤਪਾਲ ਸਿੰਘ ਅਤੇ ਗੁਰਦਾਸਪੁਰਾ ਸੀਟ ਤੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਹੈ। |
ਮਾਨ ਨੇ ਦੱਸਿਆ ਕਿ ਕੁੰਵਰ ਜਗਵੀਰ ਸਿੰਘ ਸਹੂੰਗੜਾ ਨੂੰ ਉਨ੍ਹਾਂ ਦੀ ਲੋਕ ਪੱਖੀ ਸੋਚ ਦੇ ਮੱਦੇਨਜਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ | ਵਰਨਣਯੋਗ ਹੈ ਕਿ ਕੁੰਵਰ ਜਗਵੀਰ ਸਿੰਘ ਦੇ ਪਿਤਾ ਸਵ. ਸ਼ਿੰਗਾਰਾ ਰਾਮ ਸਹੂੰਗੜਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਤਿੰਨ ਵਾਰ ਐਮ.ਐਲ.ਏ. ਰਹਿ ਚੁੱਕੇ ਹਨ | ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਦੇ ਲੋਕਾਂ ਵਿੱਚ ਕਾਫੀ ਵਧੀਆ ਰਸੂਖ ਹੈ |
ਮਾਨ ਨੇ ਖਡੂਰ ਸਾਹਿਬ ਸੀਟ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਚੋਣ ਮੈਦਾਨ ਵਿੱਚ ਉਤਰ ਰਹੇ ਹਨ | ਸਾਡੀ ਪਾਰਟੀ ਭਾਈ ਅੰਮਿ੍ਤਪਾਲ ਸਿੰਘ ਦਾ ਦਿਲੋਂ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਸਮਰੱਥਨ ਦੇਣ ਦਾ ਐਲਾਨ ਕਰਦੀ ਹੈ | ਮਾਨ ਨੇ ਦੱਸਿਆ ਕਿ ਜਦੋਂ ਭਾਈ ਅੰਮਿ੍ਤਪਾਲ ਸਿੰਘ ਖਡੂਰ ਸਾਹਿਬ ਤੋਂ ਕਾਗਜ ਦਾਖਲ ਕਰ ਦੇਣਗੇ, ਉਦੋਂ ਅਸੀਂ ਆਪਣੀ ਪਾਰਟੀ ਦਾ ਉਮੀਦਵਾਰ ਵਾਪਸ ਲੈ ਲਵਾਂਗੇ | ਇਸ ਤੋਂ ਇਲਾਵਾ ਗੁਰਦਾਸਪੁਰਾ ਸੀਟ ਤੋਂ ਪਾਰਟੀ ਵੱਲੋਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਨੂੰ ਸਮਰੱਥਨ ਦਿੱਤਾ ਜਾਵੇਗਾ |ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ, ਡਾ ਹਰਜਿੰਦਰ ਸਿੰਘ ਜੱਖੂ, ਜਰਨਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ, ਸ. ਕੁਸ਼ਲਪਾਲ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਗੋਪਾਲ ਸਿੰਘ ਸਿੱਧੂ ਸੂਬਾ ਪ੍ਰਧਾਨ ਚੰਡੀਗੜ੍ਹ, ਗੁਰਜੰਟ ਸਿੰਘ ਕੱਟੂ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੋਂ ਗੁਰਵਿੰਦਰ ਸਿੰਘ ਬਾਜਵਾ, ਕੁੰਵਰ ਜਗਵੀਰ ਸਿੰਘ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜਰ ਸਨ |