ਰੂਪਨਗਰ, 13 ਜਨਵਰੀ (ਖ਼ਬਰ ਖਾਸ ਬਿਊਰੋ)
ਨਹਿਰੂ ਯੂਵਾ ਕੇਂਦਰ ਰੋਪੜ ਵੱਲੋਂ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਪੰਕਜ ਯਾਦਵ ਦੀ ਅਗਵਾਈ ਵਿੱਚ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਸਫਲਤਾਪੂਰਵਕ ਕੀਤਾ ਗਿਆ।
ਇਸ ਯੁਵਾ ਉਤਸਵ ਵਿੱਚ ਐਸਡੀਐਮ ਰੂਪਨਗਰ ਸ਼੍ਰੀ ਸਚਿਨ ਪਾਠਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਸੇਵਾਮੁਕਤ ਰਾਜ ਨਿਰਦੇਸ਼ਕ, ਨਹਿਰੂ ਯੂਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਜ਼ੋਨ ਸ਼੍ਰੀ ਸੁਰਿੰਦਰ ਸੈਣੀ ਅਤੇ ਨਿਰਦੇਸ਼ਕ, ਡੀਏਵੀ ਕਾਲਜ ਮੈਨੇਜਮੈਂਟ ਕਮੇਟੀ, ਨਵੀਂ ਦਿੱਲੀ, ਸ਼੍ਰੀ ਪਵਨ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਪੰਕਜ ਯਾਦਵ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜ਼ਵਾਨਾਂ ਦੀ ਪ੍ਰਤਿਭਾ ਨੂੰ ਇਕੱਠਾ ਕਰਨਾ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਯੁਵਾ ਉਤਸਵ ਵਿੱਚ ਸੱਤ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਭਾਸ਼ਣ ਪ੍ਰਤਿਯੋਗਤਾ, ਫੋਟੋਗ੍ਰਾਫੀ, ਚਿੱਤਰਕਲਾ, ਕਵਿਤਾ, ਸੰਸਕ੍ਰਿਤਕ ਪ੍ਰੋਗਰਾਮ, ਵਿਗਿਆਨ ਮੇਲਾ (ਵਿਅਕਤਿਗਤ) ਅਤੇ ਵਿਗਿਆਨ ਮੇਲਾ (ਸਮੂਹ) ਸ਼ਾਮਲ ਸਨ।
ਨਤੀਜੀਆਂ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਕ੍ਰਿਤਕ ਪ੍ਰੋਗਰਾਮ ਵਿੱਚ ਡੀਏਵੀ ਸਕੂਲ ਦੀ ਗਿੱਧਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ ਭੰਗੜਾ ਟੀਮ ਨੇ ਦੂਜਾ ਸਥਾਨ ਅਤੇ ਆਈਟੀਆਈ ਰੋਪੜ ਦੀਆਂ ਮਹਿਲਾ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਭਾਸ਼ਣ ਪ੍ਰਤਿਯੋਗਤਾ ਵਿੱਚ ਇੱਕਾਦਸ਼ੀ ਕੌਸ਼ਲ (ਨੰਗਲ) ਨੇ ਪਹਿਲਾ, ਅਭੀਸ਼ੇਕ ਸਿੰਘ ਨੇ ਦੂਜਾ ਅਤੇ ਹਰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਲਾ ਵਿੱਚ ਰਿਤਿਕ ਨੇ ਪਹਿਲਾ, ਕਸ਼ਿਸ਼ ਨੇ ਦੂਜਾ ਅਤੇ ਰਾਜ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਵਿੱਚ ਅਕਸ਼ਰਾ ਭਾਰਤੀ ਨੇ ਪਹਿਲਾ, ਗੁਰੰਜਲ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੋਟੋਗ੍ਰਾਫੀ ਵਿੱਚ ਆਦਿਤਿਆ ਜੈਨ ਨੇ ਪਹਿਲਾ, ਐਂਜਲ ਨੇ ਦੂਜਾ, ਪਾਰਸ਼ਵ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਗਿਆਨ ਮੇਲਾ (ਵਿਅਕਤਿਗਤ) ਵਿੱਚ ਆਰਯਨ ਕੇ. ਸ਼ਰਮਾ ਨੇ ਪਹਿਲਾ, ਆਦਿਤਿਆ ਸ਼ਰਮਾ ਨੇ ਦੂਜਾ ਅਤੇ ਪਰੰਪਾਲ ਤੇ ਗੁਰਸਿਮਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਗਿਆਨ ਮੇਲਾ (ਸਮੂਹ) ਵਿੱਚ ਮੋਹਿਤ ਨੇ ਪਹਿਲਾ ਅਤੇ ਵਿਕਰਮ ਵਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸੂਚਨਾਤਮਕ ਸਟਾਲ ਵੀ ਲਗਾਏ ਗਏ ਜਿਨ੍ਹਾਂ ਨੇ ਹਾਜ਼ਰ ਹੋਏ ਲੋਕਾਂ ਨੂੰ ਕੀਮਤੀ ਜਾਣਕਾਰੀ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਇਨ੍ਹਾਂ ਵਿਭਾਗਾਂ ਵਿੱਚ ਸਾਂਝ ਸਿੱਖਿਆ, ਦੁਰਗ ਨਸ਼ਾ ਮੁਕਤੀ ਕੇਂਦਰ (ਸਿਵਲ ਹਸਪਤਾਲ), ਸਾਂਝ ਕੇਂਦਰ, ਪਰਿਵਾਰ ਨਿਯੋਜਨ ਸੰਗਠਨ ਰੋਪੜ, ਰੋਜ਼ਗਾਰ ਵਿਭਾਗ ਅਤੇ ਰਿਲਾਇੰਸ ਇੰਡਸਟ੍ਰੀਜ਼ ਸ਼ਾਮਿਲ ਸਨ।
ਇਸ ਮੌਕੇ ਪ੍ਰਬੰਧਕ ਤੇ ਸਕੱਤਰ ਡੀਏਵੀ ਸਕੂਲ ਸ਼੍ਰੀ ਰਵਿੰਦਰ ਤਲਵਾੜ, ਰਾਸ਼ਟਰੀ ਇਨਾਮ ਜੇਤੂ ਅਤੇ ਉਪ ਪ੍ਰਧਾਨ ਡੀਏਵੀ ਸਕੂਲ ਸ਼੍ਰੀ ਯੋਗੇਸ਼ ਮੋਹਨ ਪੰਕਜ,ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਰਾਣੀ ਅਤੇ ਰਾਜ ਇਨਾਮ ਜੇਤੂ ਓਮਕਾਰ ਮੋਹਨ ਸ਼ਾਮਿਲ ਸਨ।