ਮੋਹਾਲੀ, 11 ਜਨਵਰੀ (ਖ਼ਬਰ ਖਾਸ ਬਿਊਰੋ)
ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ SC,BC ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਉਤੇ ਲਗਾਤਾਰ ਦੱਬੇ ਕੁਚਲੇ ਲੋਕ ਆਪਣੀਆਂ ਫਰਿਆਦਾਂ ਲੈ ਕੇ ਪਹੁੰਚ ਰਹੇ ਹਨ। ਅੱਜ ਬਲੌਂਗੀ ਪਿੰਡ ਦਾ ਇੱਕ ਬਾਲਮੀਕਿ ਪਰਿਵਾਰ ਆਪਣੇ 24 ਸਾਲਾ ਇਕਲੌਤੇ ਬੇਟੇ ਦੀ ਸੜਕ ਦੁਰਘਟਨਾਂ ਵਿੱਚ ਹੋਈ ਮੌਤ ਦੇ ਇਨਸਾਫ ਲਈ ਪਹੁੰਚਿਆ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਮੋਰਚੇ ਦੇ ਸਮੂਹ ਸੀਨੀਅਰ ਆਗੂਆਂ ਸਾਹਮਣੇ ਜਾਣੂ ਕਰਵਾਇਆ।
ਦੱਸਣਯੋਗ ਹੈ ਕਿ ਮਿਤੀ 13 ਨਵੰਬਰ 2024 ਨੂੰ ਅਰੁਣ ਕੁਮਾਰ ਉਮਰ 24 ਸਾਲ ਪਿੰਡ ਬਲੌਗੀ ਦੇ ਰਾਮ ਨਿਵਾਸ, ਬਾਬਾ ਬਾਲਕ ਨਾਥ ਵਾਲੀ ਗਲੀ ਵਿੱਚ ਰਹਿਣ ਵਾਲੇ ਵਿਜੇਂਦਰ ਕੁਮਾਰ ਦੇ ਇਕਲੋਤੇ ਪੁੱਤ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੂੰ ਇਸ ਬਾਰੇ ਕੁੱਝ ਵੀ ਮਾਲੂਮ ਨਹੀਂ ਸੀ। ਉਹ ਆਪਣੇ ਬੇਟੇ ਨੂੰ ਲੱਭਦਾ ਭਟਕ ਰਿਹਾ ਸੀ। ਅਖੀਰ ਜਦੋਂ ਥਾਣਾ ਬਲੌਂਗੀ ਵਿੱਚ ਜਾ ਕੇ ਆਪਣੇ ਬੇਟੇ ਦੇ ਗੁੰਮ ਹੋਣ ਬਾਰੇ ਦੱਸਿਆ ਤਾਂ ਉਥੋਂ ਪੁਲਿਸ ਅਧਿਕਾਰੀ ਗੁਲਾਬ ਸਿੰਘ ਤੋਂ ਉਸਦੀ ਮੌਤ ਹੋਣ ਬਾਰੇ ਪਤਾ ਲੱਗਾ।
ਮ੍ਰਿਤਕ ਦੇ ਪਿਤਾ ਵੇਜੇਂਦਰ ਕੁਮਾਰ ਨੇ ਦੱਸਿਆ ਕਿ ਮੇਰੇ ਕੋਲੋਂ ਕਈ ਦਸਤਾਵੇਜਾ ਤੇ ਦਸਖਤ ਕਰਵਾਏ ਜੋ ਪੰਜਾਬੀ ਵਿੱਚ ਲਿਖੇ ਹੋਏ ਸਨ ਤੇ ਇੱਕ ਤੇ ਮੈਨੂੰ ਪੰਜਾਬੀ ਨਹੀਂ ਆਉਂਦੀ ਦੂਸਰਾ ਦੁੱਖ ਦਾ ਪਹਾੜ ਟੁੱਟ ਜਾਣ ਕਰਕੇ ਮੈਨੂੰ ਕੁੱਝ ਵੀ ਨਹੀਂ ਸੁਝ ਰਿਹਾ ਸੀ। ਬਸ ਜਲਦੀ ਦਸਖਤ ਕਰਕੇ ਆਪਣੇ ਬੇਟੇ ਦੀ ਮ੍ਰਿਤਕ ਦੇਹ 32 ਦੇ ਸਰਕਾਰੀ ਹਸਪਤਾਲ ਵਿੱਚੋਂ ਲੈਕੇ ਉਸਦਾ ਸੰਸਕਾਰ ਕੀਤਾ।
ਮ੍ਰਿਤਕ ਦੇ ਪਿਤਾ ਵਿਜੇਂਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਬਾਦ ਵਿੱਚ ਜਦੋਂ ਮੈਂ ਤੇ ਮੇਰੀ ਪਤਨੀ ਥਾਣੇ ਜਾ ਕੇ ਆਪਣੇ ਬੇਟੇ ਦੀ ਮੌਤ ਬਾਰੇ ਪੁੱਛਣ ਗਏ ਤਾਂ ਉਹਨਾਂ ਝੂਠੀ ਕਹਾਣੀ ਬਣਾ ਕੇ ਮੈਨੂੰ ਸੁਣਾਈ। ਜੋ ਸੱਚ ਨਹੀਂ ਹੈ ਕਿਉਂਕਿ ਮੇਰੇ ਬੇਟੇ ਦੇ ਐਕਸੀਡੈਂਟ ਦੀ ਜਗ੍ਹਾ ਫਲਾਈਓਵਰ ਦੇ ਉੱਪਰ ਦੱਸ ਰਹੇ ਹਨ, ਜਦਕਿ ਪੈਦਲ ਚੱਲਣ ਵਾਲਾ ਫਲਾਈਓਵਰ ਤੇ ਥੋੜ੍ਹੀ ਜਾਵੇਗਾ। ਮੈ ਸੱਚਾਈ ਪਤਾ ਕਰਨ ਲਈ ਐਕਸੀਡੈਂਟ ਵਾਲੀ ਸਹੀ ਜਗ੍ਹਾ ਤੇ ਗਿਆ ਤਾਂ ਉਥੋਂ ਪਤਾ ਲੱਗਾ ਕਿ ਇੱਕ ਬੱਸ ਨੇ ਫੁੱਟਪਾਥ ਤੇ ਚੱਲ ਰਹੇ ਮੇਰੇ ਬੇਟੇ ਨੂੰ ਕੁਚਲਿਆ ਹੈ ਤੇ ਉਹੀ ਬਸ ਵਾਲਾ ਉਸਨੂੰ ਹਸਪਤਾਲ ਛੱਡਕੇ ਫਰਾਰ ਹੋ ਗਿਆ।
ਮੋਰਚੇ ਦੇ ਆਗੂ ਬਲਵਿੰਦਰ ਕੁੰਭੜਾ ਨੇ ਕਿਹਾ ਕਿ ਇਹ ਪੁਲਿਸ ਦੀ ਪਹਿਲੀ ਵਧੀਕੀ ਨਹੀਂ ਹੈ। ਅਕਸਰ ਪੁਲਿਸ ਗਰੀਬ ਲੋਕਾਂ ਨਾਲ ਧੱਕਾ ਕਰਦੀ ਹੈ। ਇਸ ਗਰੀਬ ਪਰਿਵਾਰ ਦਾ ਇਕਲੌਤਾ ਪੁੱਤ ਖਤਮ ਹੋਇਆ ਹੈ ਤੇ ਪੁਲਿਸ ਵਾਲਾ ਮੁਲਾਜ਼ਮ ਇਹਨਾਂ ਦੀ ਮੱਦਦ ਕਰਨ ਦੀ ਬਜਾਏ ਇਹਨਾਂ ਨੂੰ ਡਰਾ ਧਮਕਾ ਰਹੀ ਹੈ। ਪਰਿਵਾਰ ਦੋ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪੁਲਿਸ ਕੋਈ ਲੜ ਪੱਲਾ ਨਹੀਂ ਫੜ੍ਹਾ ਰਹੀ। ਉਹਨਾਂ ਐਸ ਐਸ ਪੀ ਮੋਹਾਲੀ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੁੱਖੀ ਪਰਿਵਾਰ ਨਾਲ ਇਨਸਾਫ਼ ਕਰਨ ਕਰਨ ਅਤੇ ਗਾਲੀ ਗਲੋਚ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਅਵਤਾਰ ਸਿੰਘ ਨਗਲਾ, ਹਰਚੰਦ ਸਿੰਘ ਜਖਵਾਲੀ, ਹਰਨੇਕ ਸਿੰਘ ਮਲੋਆ, ਲਖਵੀਰ ਸਿੰਘ ਰੁਪਾਲਹੇੜੀ, ਸੁਖਵਿੰਦਰ ਪਾਲ ਪਟਵਾਰੀ, ਰਿਸ਼ੀਰਾਜ ਮਹਾਰ, ਮਨਜੀਤ ਸਿੰਘ, ਦੌਲਤ ਰਾਮ, ਜਤਿੰਦਰ ਸਿੰਘ,ਅੰਗਰੇਜ ਸਿੰਘ, ਸਤੀਸ਼ ਕੁਮਾਰ, ਛੋਟੇ ਲਾਲ, ਸੌਰਵ ਕੁਮਾਰ, ਸੀਮਾ, ਸਾਲਨੀ, ਕਸ਼ਿਸ਼, ਮਧੂ, ਸੰਤੋਸ਼, ਸਨੌਜ ਕੁਮਾਰ, ਰਾਜਵਤੀ ਹਾਜ਼ਰ ਸਨ।