ਚੰਡੀਗੜ੍ਹ 9 ਜਨਵਰੀ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਮੀਟਿੰਗ ਵਿੱਚ ਅਜਿਹਾ ਕੋਈ ਵੀ ਫੈਸਲਾ ਨਾ ਕਰ ਲੈਣਾ, ਜਿਸ ਕਰਕੇ ਤਾਅ ਉਮਰ ਸਮੁੱਚੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਦੇ ਭਗੌੜੇ ਹੋਣ ਦਾ ਦਾਗ ਲੱਗੇ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਬਿਆਨ ਵਿੱਚ ਸਾਰੇ ਵਰਕਿੰਗ ਕਮੇਟੀ ਮੈਬਰਾਂ ਨੂੰ ਸਨਿਮਰ ਬੇਨਤੀ ਕਰਦੇ ਹੋਏ ਕਿਹਾ ਕਿ, ਬੀਤੇ ਦਿਨ ਅਕਾਲੀ ਦਲ ਦੇ ਅਸਤੀਪਾ ਦੇ ਚੁੱਕੇ ਆਗੂ ਡਾ: ਦਲਜੀਤ ਸਿੰਘ ਚੀਮਾਂ ਤੇ ਆਗੂਆਂ ਵਲੋਂ ਸਿੰਘ ਸਾਹਿਬਾਨ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਸਰੇਆਂਮ ਝੂਠ ਬੋਲਿਆ ਗਿਆ ਕਿਉਂਕਿ ਸਕੱਤਰੇਤ ਤੋਂ ਪਤਾ ਕਰਨ ਤਹ ਨਾ ਲ਼ਿਖਤੀ ਤੇ ਗੰਨਾਂ ਜ਼ਬਾਨੀ ਦੋ ਦਸੰਬਰ ਵਾਲੇ ਹੁਕਮਨਾਮੇ ਵਿੱਚ ਤਬਦੀਲੀ ਨਹੀ ਕੀਤੀ ਗਈ।
ਡਾ ਚੀਮਾਂ ਤੇ ਸਾਥੀ ਝੂਠੀਆਂ ਅਪੀਲਾਂ ਰਾਹੀਂ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨਾਲ ਵਰਕਿੰਗ ਕਮੇਟੀ ਮੈਬਰਾਂ ਤੇ ਗਲਤ ਪ੍ਰਭਾਵ ਪਾਇਆ ਜਾ ਸਕੇ। ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਿੰਗ ਕਮੇਟੀ ਮੈਂਬਰਾਂ ਨੂੰ ਫੈਸਲਾ ਲੈਣ ਲੱਗੇ ਸ਼੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਹੁਕਮਨਾਮੇ ਨੂੰ ਪੂਰਨ ਲਾਗੂ ਕਰਨਾ ਚਾਹੀਦਾ ਹੈ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਖੁੱਲ ਕੇ ਨਿਤਰਨਾ ਚਾਹੀਦਾ ਹੈ।
ਜਥੇਦਾਰ ਵਡਾਲਾ ਨੇ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਥਕ ਪਾਰਟੀ ਕੋਲ ਪੰਥਕ ਸਲਾਹਾਂ ਦੇਣ ਲਈ ਕੋਈ ਸਿੱਖ ਵਕੀਲ ਜਾਂ ਸਿੱਖ ਬੁਧੀਜੀਵੀ ਨਹੀਂ ਹੈ। ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿੱਤੀ ਧਾਰਨਾਂ ਨੂੰ ਸਮਝ ਸਕੇ ਤੇ ਸਹੀ ਰਾਏ ਦੇ ਸਕੇ। ਅਸਤੀਫ਼ਾ ਦੇ ਚੁੱਕੇ ਡਾ: ਚੀਮਾ ਵੱਲੋ ਆਪਣੇ ਆਪ ਨੂੰ ਬਚਾਉਣ ਲਈ ਗਲਤ ਢੰਗ ਦੇ ਚਿੱਠੀ ਪੱਤਰ ਦਿੱਤੇ ਜਾ ਰਹੇ ਹਨ।
ਰੱਖੜਾ ਅਤੇ ਜਥੇ: ਉਮੈਦਪੁਰੀ ਨੇ ਐਸਜੀਪੀਸੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਣਾਈ ਕਮੇਟੀ ਦੇ ਮੁਖੀ ਐਡ: ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਓਹਨਾਂ ਦੀ ਨੈਤਿਕ ਅਤੇ ਇਖਲਾਕੀ ਜਿੰਮੇਵਾਰੀ ਬਣਦੀ ਹੈ ਕਿ ਮੀਟਿੰਗ ਵਿੱਚ ਓਹ ਹੁਕਮਨਾਮੇ ਦੀ ਇੰਨ ਬਿਨ ਪਾਲਣਾ ਕਰਵਾਉਣ ਲਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਆਪਣਾ ਰਸੂਖ ਵਰਤਣ।
ਪਰਮਿੰਦਰ ਸਿੰਘ ਢੀਂਡਸਾ ਅਤੇ ਜਥੇ: ਸੁੱਚਾ ਸਿੰਘ ਛੋਟੇਪੁਰ ਨੇ ਸਾਰੇ ਵਰਕਿੰਗ ਕਮੇਟੀ ਮੈਬਰਾਂ ਨੂੰ ਕਿਹਾ ਕਿ ਆਪੋ ਆਪਣਾ ਫਰਜ਼ ਸਮਝਦੇ ਹੋਏ ਉਹ ਪੰਥ ਦੇ ਸਿਧਾਂਤ ਤੇ ਪਹਿਰਾ ਦੇਣ, ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਅਤੇ ਮੀਰੀ ਪੀਰੀ ਦਾ ਸਿਧਾਂਤ ਜੋਂ ਅਟੱਲ ਹੈ ਨੂੰ ਕਾਇਮ ਰੱਖਣ। ਇਸ ਤਰ੍ਹਾਂ ਦਾ ਵਿਰਤਾਂਤ ਨਾ ਸਿਰਜਿਆ ਜਾਵੇ ਜਿਸ ਨਾਲ ਆਪਣੇ ਫਲਸਫੇ ਅਤੇ ਪਰੰਪਰਾ ਨੂੰ ਢਾਹ ਲੱਗੇ ਤੇ ਆਉਣ ਵਾਲੇ ਲੰਬੇ ਸਮੇਂ ਤੱਕ ਇਸ ਦਾ ਪਛਤਾਵਾ ਕੌਮ ਦੇ ਪੱਲੇ ਪੈ ਜਾਵੇ।
ਜਾਰੀ ਬਿਆਨ ਵਿੱਚ ਆਗੂਆਂ ਨੇ ਸਪੱਸ਼ਟ ਕੀਤਾ ਕਿ, ਜਦੋਂ ਡਾ: ਦਲਜੀਤ ਚੀਮਾ ਦੇ ਬੀਤੇ ਦਿਨ ਦੇ ਦਾਅਵਿਆਂ ਨੂੰ ਲੈਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਥੇ ਕੋਈ ਵੀ ਡਾ: ਦਲਜੀਤ ਚੀਮਾ ਦੇ ਦਾਅਵਿਆਂ ਵਾਲਾ ਪੱਤਰ ਨਹੀਂ ਪਾਇਆ ਗਿਆ, ਅਤੇ ਨਾ ਹੀ ਜਥੇਦਾਰ ਗਿਆਨੀ ਰਘੁਬੀਰ ਸਿੰਘ ਹੁਰਾਂ ਨੇ ਕਿਤੇ ਲਿਖਤੀ ਜਾਂ ਮੌਖਿਕ ਤੌਰ ਤੇ ਕਿਹਾ ਹੋਵੇ ਕਿ ਦੋ ਦਸੰਬਰ ਦੇ ਹੁਕਮਨਾਮੇ ਵਿੱਚ ਕੋਈ ਢਿੱਲ ਜਾਂ ਤਬਦੀਲੀ ਕੀਤੀ ਗਈ ਹੋਵੇ। ਇਸ ਦੇ ਨਾਲ ਹੀ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਇਹ ਵੀ ਪੁਸ਼ਟੀ ਹੋਈ ਹੈ ਕਿ ਦਲਜੀਤ ਚੀਮਾ ਦੇ ਮੀਡੀਆ ਵਿਚ ਕੀਤੇ ਦਾਅਵਿਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਰਾਜਗੀ ਵੀ ਹੈ ਕਿ ਲੀਡਰਸ਼ਿਪ ਸਿੰਘ ਸਾਹਿਬਾਨਾਂ ਦੀ ਸਖਸ਼ੀਅਤ ਤੇ ਹੀ ਸਵਾਲ ਖੜੇ ਕਰਵਾ ਰਹੇ ਹਨ ਅਤੇ ਗੁੰਮਰਾਹਕੁੰਨ ਬਿਆਨਬਾਜੀ ਨਾਲ ਸੰਗਤ ਦੀ ਨਜਰ ਵਿੱਚ ਸਿੰਘ ਸਾਹਿਬਾਨ ਦੀ ਸਖਸ਼ੀਅਤ ਨੂੰ ਝੂਠਾ ਬਣਾ ਰਹੇ ਹਨ।