ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਪੁਲਿਸ ਨੇ ਪਾਣੀ ਦੀਆਂ ਬੁਛਾੜਾ ਤੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਨਿਹੰਗਾਂ ਨੇ ਲਹਿਰਾਈਆਂ ਤਲਵਾਰਾਂ

ਚੰਡੀਗੜ੍ਹ 7 ਜਨਵਰੀ (ਖ਼ਬਰ ਖਾਸ ਬਿਊਰੋ)

ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ  ਕੌਮੀ ਇਨਸਾਫ਼ ਮੋਰਚਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਜਿੱਥੇ ਪੰਜਾਬ ਪੁਲਿਸ ਨੇ ਪਹਿਲਾਂ ਹੀ ਸੈਂਕੜੇ ਵੱਡੇ ਆਗੂਆਂ ਸਿਮਰਨਜੀਤ ਸਿੰਘ ਮਾਨ, ਖਡੂਰ ਸਾਹਿਬ ਤੋ ਐਮ.ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸਮੇਤ ਕਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਸੀ, ਉਥੇ ਚੰਡੀਗੜ੍ਹ ਵਿਚ ਪ੍ਰਵੇਸ਼ ਕਰਨ ਦੀ ਜਿਦ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੰਡੀਗੜ ਪੁਲਿਸ ਵਿਚ ਕਾਫ਼ੀ ਕਸ਼ਮਕਸ਼ ਹੋਈ।

ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ, ਪਾਣੀ ਦੀਆਂ ਬੁਛਾੜਾ ਮਾਰੀਆਂ ਅਤੇ ਦੂਜੇ ਪਾਸੇ ਨਿਹੰਗਾਂ ਤੇ ਪ੍ਰਦਰਸ਼ਨਕਾਰੀਆਂ ਨੇ ਤਲਵਾਰਾਂ ਤੇ ਪੱਥਰ ਚਲਾਏ। ਜਿਸ ਕਾਰਨ ਪੁਲਿਸ ਮੁਲਾਜ਼ਮਾਂ ਸਮੇਤ ਕਈ ਪ੍ਰਦਰਸ਼ਨਕਾਰੀ ਜਖਮੀ ਹੋ ਗਏ। ਪੁਲਿਸ ਨੇ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸੀ ਤਰਾਂ ਪੁਲਿਸ ਦੇ ਕੰਮ ਵਿਚ ਵਿਘਨ ਪਾਉਣ ਅਤੇ ਪੁਲਿਸ ਮੁਲਾਜ਼ਮਾਂ ਨੂੰ ਜਖਮੀ ਕਰਨ ਦੇ ਦੋਸ਼ ਤਹਿਤ ਕੇਸ ਦਰਜ਼ ਕੀਤੇ ਹਨ।

ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਮੋਹਾਲੀ ਸਰਹੱਦ ‘ਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ। ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੱਢਦੇ ਹੋਏ ਚੰਡੀਗੜ ਵਿਚ ਦਾਖਲ ਹੋਣ ਦਾ ਯਤਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ।
ਇਸ ਦੌਰਾਨ ਮਾਰਚ ਵਿੱਚ ਮੌਜੂਦ ਲੋਕ ਚੰਡੀਗੜ੍ਹ-ਮੁਹਾਲੀ ਹਾਈਵੇਅ ’ਤੇ ਸਥਿਤ ਆਈਐਸਬੀਟੀ-43 ਬੱਸ ਸਟੈਂਡ ਦੇ ਸਾਹਮਣੇ ਸੜਕ ਦੇ ਵਿਚਕਾਰ ਬੈਠ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਜਿਸ ਕਾਰਨ ਟਰੈਫਿਕ ਜਾਮ ਹੋ ਗਿਆ।

ਹੋਰ ਪੜ੍ਹੋ 👉  120 ਦਿਨਾਂ ਅੰਦਰ ਲਗਾਏ ਜਾਣਗੇ 663 ਹੋਰ ਖੇਤੀ ਸੋਲਰ ਪੰਪ: ਅਮਨ ਅਰੋੜਾ

 

ਥਾਣੇਦਾਰ ਤੇ ਏਐਸਆਈ ਹੋਏ ਜਖਮੀ

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਸੈਕਟਰ-11 ਥਾਣੇ ਦੇ ਇੰਚਾਰਜ ਜੈਵੀਰ ਰਾਣਾ ਅਤੇ ਏਐਸਆਈ ਰਮੇਸ਼ ਕੁਮਾਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਕ ਮਹਿਲਾ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਈ ਜਿਸ ਨੂੰ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ।
ਚੰਡੀਗੜ੍ਹ ਪੁਲੀਸ ’ਤੇ ਤਲਵਾਰਾਂ ਅਤੇ ਪੱਥਰ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਸੈਕਟਰ-36 ਥਾਣੇ ਵਿੱਚ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਝੜਪ ਦੌਰਾਨ ਚਾਲੀ ਦੇ ਕਰੀਬ ਪੁਲਿਸ ਮੁਲਾਜ਼ਮ ਜਖਮੀ ਹੋ ਗਏ ਹਨ।

ਹੋਰ ਪੜ੍ਹੋ 👉  ਲੁਧਿਆਣਾ ਦੀ ਮੇਅਰ ਦੀ ਕੁਰਸੀ ਔਰਤ ਲਈ ਰਾਖਵੀਂ, ਜਲਦ ਹੋਵੇਗੀ ਮੇਅਰ ਦੀ ਚੋਣ

 

ਚੰਡੀਗੜ੍ਹ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਮੰਨਣ ਲਈ ਤਿਆਰ ਨਹੀਂ ਹੋਏ।  ਇਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਇਸ ਮਾਰਚ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰ ਸੁੱਟੇ ਗਏ, ਜਿਸ ਤੋਂ ਬਾਅਦ ਮੌਕੇ ‘ਤੇ ਭਗਦੜ ਮੱਚ ਗਈ।  ਚੰਡੀਗੜ੍ਹ ਪੁਲੀਸ ਦੇ ਆਈਜੀ ਆਰਕੇ ਸਿੰਘ, ਐਸਐਸਪੀ ਕੰਵਰਦੀਪ ਕੌਰ, ਡੀਐਸਪੀ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸੈਕਟਰ-43 ਦੇ ਬੱਸ ਸਟੈਂਡ ਦੇ ਸਾਹਮਣੇ ਮੌਕੇ ’ਤੇ ਮੌਜੂਦ ਰਹੇ।

ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ
ਚੰਡੀਗੜ੍ਹ ਮੁਹਾਲੀ ਸਰਹੱਦ ’ਤੇ ਵਾਈਪੀਐਸ ਚੌਕ ਨੇੜੇ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ। ਚੰਡੀਗੜ੍ਹ ਪੁਲੀਸ ਸਮੇਤ ਹੋਰ ਬਲਾਂ ਦੇ ਕਰੀਬ ਤਿੰਨ ਹਜ਼ਾਰ ਜਵਾਨ ਮੌਕੇ ’ਤੇ ਤਾਇਨਾਤ ਕੀਤੇ ਗਏ ਹਨ।

ਅਕਾਲੀ ਦਲ (ਅ) ਦੇ ਆਗੂ ਗੋਪਾਲ ਸਿੰਘ ਸਮੇਤ ਕਈਆਂ ਨੂੰ ਹਿਰਾਸਤ ਵਿਚ ਲਿਆ

ਹੋਰ ਪੜ੍ਹੋ 👉  ਪੰਜਾਬ ਪੁਲਿਸ ਵੱਲੋਂ ਸੰਖੇਪ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋ ਮੁਲਜ਼ਮ ਗ੍ਰਿਫਤਾਰ; ਇੱਕ ਪਿਸਤੌਲ ਬਰਾਮਦ

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮੁੱਖ ਮੰਤਰੀ  ਭਗਵੰਤ ਸਿੰਘ ਦੀ ਕੋਠੀ ਤੱਕ ਪੁੁੱਜਣ ਵਿਚ ਕਾਮਯਾਬ ਹੋ ਗਏ ਪਰ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸ੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਕਈ ਆਗੂ ਪੁਲਿਸ ਨੂੰ ਚਕਮਾ ਦੇ ਕੇ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਾਉਣ ਵਿਚ ਸਫਲ ਰਹੇ। ਜਿਸ ਅਗਵਾਈ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਅਤੇ ਬੁਲਾਰੇ ਗੋਪਾਲ ਸਿੰਘ ਸਿੱਧੂ ਕਰ ਰਹੇ ਸਨ। ਇਸ ਮੌਕੇ ਉਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਮਨਮੋਹਨ ਸਿੰਘ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ, ਯੂਥ ਆਗੂ ਜਗਤਾਰ ਸਿੰਘ, ਮੇਂਬਰ ਗੁਰਵਿੰਦਰ ਸਿੰਘ, ਮੱਖਣ ਸਿੰਘ ਮੀਰਪੁਰ, ਸ਼ਰਨਜੀਤ ਸਿੰਘ ਜੋਗੀ ਅਤੇ ਹੋਰ ਮੇਂਬਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਅਗੋ ਧਰਨੇ ਤੇ ਬੈਠਿਆ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ। ਗੋਪਾਲ ਸਿੰਘ ਨੇ ਦੋਸ਼ ਲਾਇਆ ਕਿ ਪੁਲਿਸ ਨਾਲ ਖਿਚਧੂਹ ਦੌਰਾਨ ਕਈ ਸਿੰਘਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਪੁਲਿਸ ਨੇ ਵੀਡੀਓ ਕੈਮਰੇ ਅਤੇ ਮੋਬਾਈਲ ਖੋਹ ਲਏ ਗਏ। ਗੋਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਜਬਰੀ ਗਿਰਫਤਾਰ ਕਰਕੇ ਕਿਸੇ ਅਣਪਛਾਤੀ ਥਾਂ ਉਤੇ ਦੇਰ ਰਾਤ ਤੱਕ ਬੰਦ ਰੱਖਿਆ ਗਿਆ।

Leave a Reply

Your email address will not be published. Required fields are marked *