ਚੰਡੀਗੜ੍ਹ, 7 ਜਨਵਰੀ (ਖ਼ਬਰ ਖਾਸ ਬਿਊਰੋ)
ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਪੰਜਾਬ ਰਾਜ ਭਵਨ ਵਿਖੇ ਪੰਜਾਬ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਆਪਸੀ ਸਹਿਯੋਗ ਦੇ ਵੱਖ- ਵੱਖ ਖੇਤਰਾਂ ’ਤੇ ਚਰਚਾ ਕੀਤੀ। ਇਹ ਮੁਲਾਕਾਤ ਮੁੱਖ ਚੁਣੌਤੀਆਂ ਨਾਲ ਨਜਿੱਠਣ ਅਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਿਤ ਸੀ।
ਗਵਰਨਰ ਅਤੇ ਰੋਵੇਟ ਨੇ ਗੈਰ-ਕਾਨੂੰਨੀ ਪਰਵਾਸ ਅਤੇ ਇਮੀਗ੍ਰੇਸ਼ਨ ਵਿੱਚ ਧੋਖਾਧੜੀ ਨੂੰ ਰੋਕਣ ਲਈ ਸਾਂਝੇ ਯਤਨਾਂ ਵਿਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਪੰਜਾਬ, ਯੂਟੀ ਚੰਡੀਗੜ੍ਹ ਅਤੇ ਯੂ.ਕੇ. ਪੁਲਿਸ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਰਾਜਪਾਲ ਨੇ ਪੰਜਾਬ, ਚੰਡੀਗੜ੍ਹ ਅਤੇ ਯੂ.ਕੇ. ਦਰਮਿਆਨ ਸਿੱਖਿਆ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦਾ ਵਿਸਥਾਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹਨਾਂ ਪ੍ਰੋਗਰਾਮਾਂ ਦਾ ਉਦੇਸ਼ ਨਵੀਨਤਾਕਾਰੀ ਅਭਿਆਸਾਂ ਨੂੰ ਅਪਣਾ ਕੇ ਉਚੇਰੀ ਅਤੇ ਸਕੂਲੀ ਸਿੱਖਿਆ ਨੂੰ ਵਧਾਉਣਾ ਹੈ।
ਰਾਜਪਾਲ ਨੇ ਸੱਭਿਆਚਾਰਕ ਅਤੇ ਖੇਡ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਯੂ.ਕੇ. ਅਤੇ ਯੂ.ਟੀ. ਚੰਡੀਗੜ੍ਹ ਦਰਮਿਆਨ ਖੇਡ ਆਦਾਨ-ਪ੍ਰਦਾਨ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਸਤਾਵ ਵੀ ਦਿੱਤਾ। ਦੋਵੇਂ ਪਤਵੰਤੇ ਹਾਕੀ ਅਤੇ ਕ੍ਰਿਕੇਟ ਵਿੱਚ ਖੇਡ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਲਈ ਕੰਮ ਕਰਨ ਲਈ ਸਹਿਮਤ ਹੋਏ।
ਵਿਆਪਕ ਚਰਚਾਵਾਂ ਵਿੱਚ ਗਲੋਬਲ ਵਾਰਮਿੰਗ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਪ੍ਰਦੂਸ਼ਣ ਕੰਟਰੋਲ, ਹਰੀ ਊਰਜਾ ਅਤੇ ਬਾਇਓਮਾਸ ਪ੍ਰੋਜੈਕਟਾਂ ਵਰਗੇ ਆਲਮੀ ਮਸਲੇ ਵੀ ਸ਼ਾਮਲ ਰਹੇ। ਦੋਵਾਂ ਧਿਰਾਂ ਨੇ ਟਿਕਾਊ ਹੱਲਾਂ ਨੂੰ ਲਾਗੂ ਕਰਨ ਲਈ ਇਕਜੁੱਟ ਯਤਨਾਂ ਦੀ ਲੋੜ ਨੂੰ ਕਬੂਲਿਆ।
ਕੈਰੋਲਿਨ ਰੋਵੇਟ ਨੇ ਆਪਸੀ ਸਹਿਯੋਗ ’ਤੇ ਆਧਾਰਿਤ ਯੂਕੇ ਅਤੇ ਖੇਤਰ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਹਿਯੋਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਰਾਜਪਾਲ ਨੇ ਦੋਵਾਂ ਧਿਰਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਨਵੀਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਹ ਮੀਟਿੰਗ ਨਿਰੰਤਰ ਵਿਕਾਸ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਸਾਂਝੇ ਤੌਰ ’ਤੇ ਕੰਮ ਕਰਨ ਲਈ ਪੰਜਾਬ, ਯੂਟੀ ਚੰਡੀਗੜ੍ਹ ਅਤੇ ਯੂ.ਕੇ. ਦੇ ਸਾਂਝੇ ਦ੍ਰਿਸ਼ਟੀਕੋਣ ’ਤੇ ਅਧਾਰਤ ਰਹੀ।