ਖਨੌਰੀ 1 ਜਨਵਰੀ (ਖ਼ਬਰ ਖਾਸ ਬਿਊਰੋ)
ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਬੁੱਧਵਾਰ ਨੂੰ 37 ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਉਧਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਲਈ ਤਿੰਨ ਦਿਨ ਦੀ ਮੋਹਲਤ ਦਿੱਤੀ ਹੋਈ ਹੈ। ਪੰਜਾਬ ਸਰਕਾਰ ਪੂਰੀ ਚੌਕਸੀ ਵਰਤ ਰਹੀ ਹੈ, ਪਤਾ ਲੱਗਿਆ ਹੈ ਕਿ ਪਟਿਆਲਾ ਅਤੇ ਪਾਤੜਾ ਦੇ ਨੇੜੇ ਪੁਲਿਸ ਦੀ ਨਫ਼ਰੀ ਵਧਾ ਦਿੱਤੀ ਗਈ ਹੈ। ਅਟਕਲਾਂ ਲਾਈਆ ਜਾ ਰਹੀਆਂ ਹਨ ਕਿ ਪੁਲਿਸ ਕਦੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਲਈ ਮਰਨ ਵਰਤ ਵਾਲੇ ਸਥਾਨ ਤੋਂ ਚੁੱਕਕੇ ਹਸਪਤਾਲ ਵਿਚ ਭਰਤੀ ਕਰਵਾ ਸਕਦੀ ਹੈ।
ਉਧਰ ਮੋਰਚੇ ਵਲੋਂ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਖਨੌਰੀ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 37ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ।
ਅੱਜ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਅਤੇ ਧੌਰਹਰਾ ਤੋਂ ਸਮਾਜਵਾਦੀ ਪਾਰਟੀ ਦੇ 2 ਸੰਸਦ ਮੈਂਬਰ ਆਨੰਦ ਭਦੌਰੀਆ ਜੀ ਅਤੇ ਉਤਕਰਸ਼ ਵਰਮਾ ਆਪਣੇ ਵਫਦ ਸਮੇਤ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਮੋਰਚੇ ਉੱਪਰ ਪਹੁੰਚੇ ਅਤੇ ਸਮਾਜਵਾਦੀ ਪਾਰਟੀ ਦੀ ਤਰਫੋਂ ਸਮਰਥਨ ਦੀ ਚਿੱਠੀ ਸੌਪੀ।
ਇਸੀ ਤਰਾਂ ਉੱਘੇ ਗਾਇਕ ਤੇ ਅਦਾਕਾਰ ਬੱਬੂ ਮਾਨ ਸਮੇਤ ਬਹੁਤ ਸਾਰੇ ਲੋਕ ਗਾਇਕ ਜਗਜੀਤ ਸਿੰਘ ਡੱਲੇਵਾਲ ਜੀ ਦਾ ਹਾਲ-ਚਾਲ ਜਾਣਨ ਲਈ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚੇ ਅਤੇ ਹਰਿਆਣਾ ਤੋਂ JJP ਪਾਰਟੀ ਦੇ ਨੇਤਾ ਦਿਗਵਿਜੇ ਚੌਟਾਲਾ ਆਪਣੇ ਸਾਥੀਆਂ ਸਮੇਤ ਖਨੌਰੀ ਮੋਰਚੇ ਨੂੰ ਸਮਰਥਨ ਦੇਣ ਲਈ ਪਹੁੰਚੇ।
4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚਾ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀ ਤਿਆਰੀ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਕਿਸਾਨ ਆਗੂਆਂ ਨੇ ਦੱਸਿਆ ਕਿ 4 ਜਨਵਰੀ ਨੂੰ 2 ਲੱਖ ਤੋਂ ਵੱਧ ਕਿਸਾਨ ਖਨੌਰੀ ਕਿਸਾਨ ਮੋਰਚੇ ਵਿੱਚ ਪੁੱਜਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਖਨੌਰੀ ਮੋਰਚੇ ਤੋਂ ਕਿਸਾਨਾਂ ਨੂੰ ਆਪਣਾ ਅਹਿਮ ਸੰਦੇਸ਼ ਦੇਣਗੇ ਅਤੇ ਸਮੂਹ ਕਿਸਾਨਾਂ ਨੂੰ ਸਵੇਰੇ 10 ਵਜੇ ਤੱਕ ਖਨੌਰੀ ਕਿਸਾਨ ਮੋਰਚੇ ਉੱਪਰ ਪੁੱਜਣ ਦੀ ਅਪੀਲ ਕੀਤੀ ਹੈ।