ਸੈਨਿਕ ਸਕੂਲ ਕਪੂਰਥਲਾ ਨੇ ਅਕਾਦਮਿਕ ਸੈਸ਼ਨ 2025-26 ਲਈ ਦਾਖਲੇ ਖੋਲ੍ਹੇ

ਚੰਡੀਗੜ੍ਹ, 1 ਜਨਵਰੀ (ਖ਼ਬਰ ਖਾਸ ਬਿਊਰੋ)
ਸੈਨਿਕ ਸਕੂਲ ਵਿੱਚ ਦਾਖਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੈਨਿਕ ਸਕੂਲ ਕਪੂਰਥਲਾ ਨੇ ਆਲ ਇੰਡੀਆ ਸੈਨਿਕ ਸਕੂਲਜ਼ ਪ੍ਰਵੇਸ਼ ਪ੍ਰੀਖਿਆ (ਏ.ਆਈ.ਐੱਸ.ਐੱਸ.ਈ.ਈ.) ਰਾਹੀਂ ਅਕਾਦਮਿਕ ਸੈਸ਼ਨ 2025-26 ਲਈ 6ਵੀਂ ਅਤੇ 9ਵੀਂ ਜਮਾਤਾਂ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵੱਲੋਂ ਕਰਵਾਈ ਜਾਂਦੀ ਇਹ ਦਾਖਲਾ ਪ੍ਰੀਖਿਆ, 6ਵੀਂ ਅਤੇ 9ਵੀਂ ਜਮਾਤ ਦੇ ਲੜਕੇ – ਲੜਕੀਆਂ ਦੋਵਾਂ ਲਈ ਖੁੱਲ੍ਹੀ ਹੈ। ਇਮਤਿਹਾਨ ਦੀ ਅਸਲ ਮਿਤੀ ਸਬੰਧੀ ਜਾਣਕਾਰੀ ਜਲਦ ਹੀ ਐਨ.ਟੀ.ਏ. ਦੀ ਵੈੱਬਸਾਈਟ ’ਤੇ ਸਾਂਝੀ ਕਰ ਦਿੱਤੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ 6ਵੀਂ ਜਮਾਤ ਲਈ ਉਮੀਦਵਾਰਾਂ ਦੀ ਉਮਰ 10-12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ 9ਵੀਂ ਜਮਾਤ ਲਈ ਬਿਨੈ ਕਰਨ ਵਾਲੇ ਉਮੀਦਵਾਰ ਦੀ ਉਮਰ 31 ਮਾਰਚ, 2025 ਤੱਕ 13-15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਹ ਉਮਰ ਮਾਪਦੰਡ ਇਹ ਯਕੀਨੀ ਬਣਾਉਂਦੇ ਹਨ ਕਿ ਬਿਨੈਕਾਰ ਢੁਕਵੇਂ ਢੰਗ ਨਾਲ ਸਕੂਲ ਵਿੱਚ ਦਿੱਤੀ ਗਈ ਅਕਾਦਮਿਕ ਅਤੇ ਸਰੀਰਕ ਸਿਖਲਾਈ ਲਈ ਤਿਆਰ ਹਨ।
ਵਿੱਤੀ ਸਹਾਇਤਾ ਦੇ ਸਬੰਧੀ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਆਮਦਨ ਅਧਾਰਤ ਵਜ਼ੀਫੇ ਦੀ ਵੀ ਸਹੂਲਤ ਹੈ। 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਕੈਡਿਟ ਰਿਆਇਤ ਵਜੋਂ ਪੂਰੀ ਦੀ ਪੂਰੀ ਟਿਊਸ਼ਨ ਫੀਸ ਵਾਪਸ ਲੈਣ ਦੇ ਯੋਗ ਹਨ , ਜਦ ਕਿ 3,00,001 ਤੋਂ 5,00,000 ਦੇ ਵਿਚਕਾਰ ਕਮਾਉਣ ਵਾਲੇ ਪਰਿਵਾਰ ਦੇ ਕੈਡਿਟਾਂ ਨੂੰ 75 ਫੀਸਦ ਟਿਊਸ਼ਨ ਫੀਸ , 5,00,001 ਤੋਂ 7,50,000 ਤੱਕ ਦੀ ਆਮਦਨ ਵਾਲਿਆਂ ਨੂੰ 50 ਫੀਸਦ , 7,50,001 ਤੋਂ 10,00,000 ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਕੈਡਿਟਾਂ ਨੂੰ 25 ਫੀਸਦ ਟਿਊਸ਼ਨ ਫੀਸ ਰਿਆਇਤ ਵਜੋਂ ਵਾਪਸ ਕੀਤੀ ਜਾਂਦੀ ਹੈੈ। 10,00,000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ।
ਬੁਲਾਰੇ ਨੇ ਅੱਗੇ ਦੱਸਿਆ ਕਿ ਯੋਗ ਕੈਡਿਟਾਂ ਲਈ ਹੋਰ ਕਿਸਮ ਦੀ ਵਿੱਤੀ ਸਹਾਇਤਾ ਉਪਲਬਧ ਹੈ, ਜਿਸ ਵਿੱਚ ਰੈਂਕ ਦੇ ਆਧਾਰ ’ਤੇ ਰੱਖਿਆ ਕਰਮੀਆਂ ਦੇ ਬੱਚਿਆਂ ਲਈ ਰੱਖਿਆ ਮੰਤਰਾਲੇ ਵੱਲੋਂ ਵਜ਼ੀਫੇ, ਰੱਖਿਆ ਮੰਤਰਾਲੇ ਵੱਲੋਂ ਕੇਂਦਰੀ ਸਹਾਇਤਾ, ਦੋ ਸਾਲਾਂ ਲਈ ਐਨ.ਡੀ.ਏ. ਪ੍ਰੋਤਸਾਹਨ ਅਤੇ ਬਿਹਾਰ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਬਿਹਾਰ ਸਰਕਾਰ ਦੇ ਵਜ਼ੀਫੇ ਸ਼ਾਮਲ ਹਨ।
ਬੁਲਾਰੇ ਨੇ ਉਮੀਦਵਾਰਾਂ ਨੂੰ ਵਧੇਰੇ ਜਾਣਕਾਰੀ ਲੈਣ ਲਈ ਸਕੂਲ ਦੀ ਅਧਿਕਾਰਤ ਵੈੱਬਸਾਈਟ https://www.sskapurthala.com ਜਾਂ ਐਨਟੀਏ ਦੀ ਵੈੱਬਸਾਈਟ https://exams.nta.ac.in/aissee ’ਤੇ ਜਾਣ ਦੀ ਸਲਾਹ ਦਿੱਤੀ। ਆਨਲਾਈਨ ਬਿਨੈ-ਪੱਤਰ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ 13 ਜਨਵਰੀ 2025 (ਸ਼ਾਮ 5:00 ਵਜੇ ਤੱਕ) ਹੈ।
ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *