ਚੰਡੀਗੜ੍ਹ 30 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਪੀੜਤਾ ਦੀ ਗਵਾਹੀ ਨੂੰ ਦੇਖਦੇ ਹੋਏ ਇਹ ਫੈਸਲਾ ਸੁਣਾਇਆ ਹੈ ਕਿਉਂਕਿ ਸਰੀਰਿਕ (ਜਿਨਸੀ) ਸਬੰਧ ਸਹਿਮਤੀ ਨਾਲ ਬਣੇ ਸਨ।
ਹਾਈਕੋਰਟ ਦੇ ਡਬਲ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ “ਪੀੜਤ ਦੇ ਕੱਪੜੇ ਘਟਨਾ ਸਥਾਨ ‘ਤੇ ਫਟੇ ਹੋਏ ਨਹੀਂ ਮਿਲੇ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੀੜਤਾ ਸਹਿਮਤੀ ਨਾਲ ਸੈਕਸ ਕਰ ਰਹੀ ਸੀ। ਬੈਂਚ ਨੇ ਕਿਹਾ ਕਿ ਪੀੜਤਾ ਨੇ ਗਵਾਹੀ ਦਿੱਤੀ ਕਿ ਉਸ ਨੇ ਸ਼ੋਰ ਮਚਾਇਆ ਪਰ ਉਸਨੂੰ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਕਮਰੇ ਦਾ ਦਰਵਾਜ਼ਾ ਦੋਸ਼ੀ ਦੁਆਰਾ ਅੰਦਰੋਂ ਬੰਦ ਕੀਤਾ ਹੋਇਆ ਸੀ, ਇਸ ਤਰ੍ਹਾਂ ਸਪੱਸ਼ਟ ਤੌਰ ‘ਤੇ ਬਿਆਨ ਉਸ ਨੂੰ ਝੂਠਾ ਸਾਬਤ ਕਰਦਾ ਹੈ।
ਕੇਸ ਫਾਈਲ ਮੁਤਾਬਿਕ ਘਟਨਾ ਵਾਲੀ ਥਾਂ ਤੋਂ ਘਰ ਪਰਤਣ ਸਮੇਂ ਪੀੜਤਾ ਨੇ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਇਸ ਤਰ੍ਹਾਂ ਕੁਦਰਤੀ ਤੌਰ ‘ਤੇ ਇਹ ਸੰਕੇਤ ਮਿਲਦਾ ਹੈ ਕਿ ਉਹ ਇਸ ਮਾਮਲੇ ਵਿਚ ਸਹਿਮਤੀ ਨਾਲ ਸ਼ਾਮਲ ਸੀ।
ਬੈਂਚ ਨੇ ਪੀੜਤਾ ਦੇ ਬਿਆਨ ਆਪਾਵਿਰੋਧੀ ਦੇਖਦੇ ਹੋਏ ਕਿਹਾ ਕਿ ਉਸ ਨੇ ਆਪਣੇ ਪਿਛਲੇ ਬਿਆਨ ਵਿਚ ਕਿਹਾ ਸੀ ਕਿ ਉਸਨੇ ਜੀਨ ਅਤੇ ਟਾਪ ਪਾਇਆ ਹੋਇਆ ਸੀ ਅਤੇ ਬਾਅਦ ਵਿਚ ਉਸ ਨੇ ਕਿਹਾ ਕਿ ਉਸ ਨੇ ਸੂਟ ਪਾਇਆ ਹੋਇਆ ਸੀ।
ਹਾਈਕੋਰਟ ਦਾ ਇਹ ਫੈਸਲਾ ਦੋਸ਼ੀ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਵਿਰੁੱਧ ਦਾਇਰ ਕੀਤੀ ਅਪੀਲ ‘ਤੇ ਸੁਣਾਇਆ ਹੈ। ਇਸ ਮਾਮਲੇ ਵਿਚ ਇਕ ਹੋਰ ਸਹਿ ਦੋਸ਼ੀ ਪਹਿਲਾਂ ਹੀ ਬਰੀ ਹੋ ਚੁੱਕਾ ਹੈ। ਅਦਾਲਤ ਨੇ ਗਵਾਹੀ ਵਿੱਚ ਅਸੰਗਤਤਾ ਕਾਰਨ ਮੁਲਜ਼ਮ ਨੂੰ ਲਾਭ ਦਿੰਦੇ ਹੋਏ ਇਹ ਫੈਸਲਾ ਸੁਣਾਇਆ ਹੈ।