ਆਪ ਸਰਕਾਰ ਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ 62.5 ਫੀਸਦੀ ਰਾਸ਼ੀ ਜਾਰੀ ਨਹੀਂ ਕੀਤੀ: ਅਕਾਲੀ ਦਲ

ਚੰਡੀਗੜ੍ਹ, 30 ਦਸੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਸਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ 62.5 ਫੀਸਦੀ ਰਾਸ਼ੀ ਜਾਰੀ ਹੀ ਨਹੀਂ ਕੀਤੀ ਤੇ ਸਰਕਾਰ ਨੇ ਖੁਦ ਮੰਨਿਆ ਹੈ ਕਿ ਉਸਨੇ ਅੱਜ ਤੱਕ 245 ਕਰੋੜ ਰੁਪਏ ਵਿਚੋਂ ਸਿਰਫ 92 ਕਰੋੜ ਰੁਪਏ ਯਾਨੀ 37.5 ਫੀਸਦੀ ਰਾਸ਼ੀ ਹੀ ਜਾਰੀ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਅਖ਼ਬਾਰਾਂ ਵਿਚ ਦਿੱਤੇ ਪੂਰੇ ਪੇਜ ਦੇ ਇਸ਼ਤਿਹਾਰਾਂ ਵਿਚ ਖੁਦ ਮੰਨਿਆ ਹੈ ਕਿ ਸਾਲ 2024-25 ਦੌਰਾਨ ਉਸਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕੀਮ ਦੀ ਸਿਰਫ 37.5 ਫੀਸਦੀ ਰਾਸ਼ੀ ਹੀ ਜਾਰੀ ਕੀਤੀ ਹੈ ਤੇ ਉਹ 62.5 ਫੀਸਦੀ ਰਾਸ਼ੀ ਜਾਰੀ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ ਪ੍ਰਕਾਸ਼ਤ ਹੋਏ ਇਸ਼ਤਿਹਾਰਾਂ ਵਿਚ ਸਪਸ਼ਟ ਲਿਖਿਆ ਹੈ ਕਿ 2024-25 ਲਈ ਕੁੱਲ 245 ਕਰੋੜ ਰੁਪਏ ਵਿਚੋਂ ਸਿਰਫ 92 ਕਰੋੜ ਰੁਪਏ ਹੀ ਜਾਰੀ ਕੀਤੇ ਜਾ ਸਕੇ ਹਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀ ਇਸ ਮਾੜੀ ਕਾਰਗੁਜ਼ਾਰੀ ਲਈ ਐਸ ਸੀ ਵਿਦਿਆਰਥੀਆਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ 9 ਮਹੀਨਿਆਂ ਵਿਚ ਸਰਕਾਰ ਸਿਰਫ 37.5 ਫੀਸਦੀ ਰਾਸ਼ੀ ਹੀ ਜਾਰੀ ਕਰ ਸਕੀ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਇਸ਼ਤਿਹਾਰਬਾਜ਼ੀ ਲਈ ਪੈਸੇ ਹਨ ਤਾਂ ਚੰਗਾ ਹੋਵੇਗਾ ਕਿ ਸਕੀਮ ਲਈ ਸਾਲ ਵਾਸਤੇ ਨਿਸ਼ਚਿਤ ਸਾਰੀ 100 ਫੀਸਦੀ ਰਾਸ਼ੀ ਜਾਰੀ ਕੀਤੀ ਜਾਵੇ।

ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਇਸ਼ਤਿਹਾਰਾਂ ਵਿਚ 2016 ਤੋਂ 2020 ਦੀ ਬਕਾਇਆ ਪਈ ਰਾਸ਼ੀ ਜਾਰੀ ਕਰਨ ਦੀਆਂ ਕੋਈ ਤਾਰੀਕਾਂ ਵੀ ਨਹੀਂ ਦੱਸੀਆਂ ਗਈਆਂ।ਉਹਨਾਂ ਕਿਹਾ ਕਿ ਝੂਠੇ ਤੇ ਬੋਗਸ ਇਸ਼ਤਿਹਾਰਾਂ ਨਾਲ ਆਪ ਸਰਕਾਰ ਪੰਜਾਬੀਆਂ ਖਾਸ ਤੌਰ ’ਤੇ ਐਸ ਸੀ ਵਰਗ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਜੋ ਕਿ ਇਸ ਸਰਕਾਰ ਦੇ ਸੱਤਾ ਵਿਚ ਆਉਣ ਵੇਲੇ ਤੋਂ ਹਮੇਸ਼ਾ ਨਿਸ਼ਾਨੇ ’ਤੇ ਰਿਹਾ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦਿੱਲੀ ਦੇ ਹੁਕਮ ਵਜਾਉਣੇ ਬੰਦ ਕਰਨ ਅਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ ਕਿਉਂਕਿ ਪੰਜਾਬੀਆਂ ਨੇ ਉਹਨਾਂ ਨੂੰ ਫਤਵਾ ਪੰਜਾਬ ਚਲਾਉਣ ਵਾਸਤੇ ਦਿੱਤਾ ਹੈ ਨਾ ਕਿ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦਾ ਜੋ ਪੰਜਾਬ ਤੋਂ ਇਸਦੇ ਸਰੋਤ ਲੁੱਟ ਰਿਹਾ ਹੈ। ਉਹਨਾਂ ਕਿਹਾ ਕਿ ਇਤਿਹਾਸ ਕਦੇ ਵੀ ਉਹਨਾਂ ਨੂੰ ਮੁਆਫ ਨਹੀਂ ਕਰੇਗਾ।

Leave a Reply

Your email address will not be published. Required fields are marked *