ਸੰਗਰੂਰ 30 ਦਸੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚੇ ਉਤੇ ਮਰਨ ਵਰਤ ਸੌਮਵਾਰ ਨੂੰ 35ਵੇਂ ਦਿਨ ਵੀ ਜਾਰੀ ਰਿਹਾ। ਸੁਪਰੀਮ ਕੋਰਟ ਦੇ ਹੁਕਮਾਂ ਉਤੇ ਡਾਕਟਰਾਂ ਦੀ ਟੀਮ ਨੇ ਅੱਜ ਜਗਜੀਤ ਸਿੰਘ ਡੱਲੇਵਾਲ ਖੂਨ ਦੇ ਨਮੂਨੇ ਅਤੇ ਹੋਰ ਸੈਂਪਲ ਲਏ। ਦੱਸਿਆ ਜਾਂਦਾ ਹੈ ਕਿ ਸੈਂਪਲਾ ਦੀ ਰਿਪੋਰਟ ਕੱਲ੍ਹ ਆਵੇਗੀ।
ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀਡੀਓ ਸੰਦੇਸ਼ ਰਾਹੀਂ “ਪੰਜਾਬ ਬੰਦ” ਨੂੰ ਪੂਰਨ ਸਹਿਯੋਗ ਦੇਣ ਲਈ ਸਮੂਹ ਵਰਗਾਂ ਅਤੇ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਕਿਹਾ ਕਿ ਇਹ ਇਤਿਹਾਸਕ ਬੰਦ ਦਰਸਾਉਂਦਾ ਹੈ ਕਿ ਅੱਜ ਕਿਸਾਨ ਵਰਗ ਹੀ ਨਹੀਂ ਸਗੋਂ ਸਾਰੇ ਵਰਗ ਕਿਸਾਨਾਂ ਅਤੇ ਮਜਦੂਰਾਂ ਦੀਆਂ ਮੰਗਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਿੱਛਲੇ 10 ਦਿਨਾਂ ਤੋਂ ਹਰ ਰੋਜ਼ ਮੋਰਚੇ ਉੱਪਰ ਹਮਲੇ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨਾਂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈਦਾ ਹੈ ।
ਉਹਨਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਕਿਸੇ ਵੀ ਸਮੇਂ ਢਿੱਲ ਨਾਂ ਦਿਖਾਉਣ ਦੀ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਵਿੱਚ ਜਲਦੀ ਤੋਂ ਜਲਦੀ ਪਹੁੰਚਣ ਲਈ ਕਿਹਾ। ਕਿਸਾਨ ਆਗੂਆਂ ਨੇ ਦੱਸਿਆ ਕਿ 4 ਜਨਵਰੀ ਨੂੰ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਖਨੌਰੀ ਕਿਸਾਨ ਮੋਰਚੇ ਉੱਪਰ ਪੁੱਜਣਗੇ ਅਤੇ ਜਿਸ ਲਈ ਹਰ ਪਿੰਡ ਵਿੱਚ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।