ਪੰਜਾਬੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਤਰੱਕੀ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣ
ਬਠਿੰਡਾ, 26 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ, ਉਸੇ ਤਰੀਕੇ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਜਿਵੇਂ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ ਅਤੇ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਤੇ ਤਰੱਕੀ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਟੈਕਸੇਸ਼ਨ ਵਕੀਲਾਂ ਨਾਲ ਬਾਰ ਐਸੋਸੀਏਸ਼ਨ ਮਿੰਨੀ ਸਕੱਤਰੇਤ ਅਤੇ ਜ਼ਿਲ੍ਹਾ ਕਚਹਿਰੀਆਂ ਵਿਚ ਮੁਲਾਕਾਤ ਕੀਤੀ ਅਤੇ ਨਾਲ ਹੀ ਨਾਰਦਰਨ ਕੂਲਰ ਐਂਡ ਫੈਨ ਮੈਨਯੂਫੈਕਚਰਿੰਗ ਐਸੋਸੀਏਸ਼ਨ, ਹੋਟਲਜ਼ ਅਤੇ ਰੈਸਟੋਰੈਂਟ ਐਸੋਸੀਏਸ਼ਨ ਤੇ ਇਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਸਭ ਤੋਂ ਸੰਵੇਦਨਸ਼ੀਲ ਸਮਾਂ ਹੈ। ਉਹਨਾਂ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਪੰਜਾਬੀ ਪੰਜਾਬ ਨੂੰ ਦਿੱਲੀ ਆਧਾਰਿਤ ਪਾਰਟੀਆਂ ਤੋਂ ਬਚਾਉਣ ਜੋ ਸਿਰਫ ਸੀਟਾਂ ਜਿੱਤਣੀਆਂ ਚਾਹੁੰਦੀਆਂ ਹਨ ਤੇ ਉਹਨਾਂ ਨੂੰ ਪੰਜਾਬੀਆਂ ਜਾਂ ਉਹਨਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕੌਮੀ ਪਾਰਟੀਆਂ ਦੇ ਹੱਥਾਂ ਵਿਚ ਸੰਤਾਪ ਹੰਢਾਇਆ ਹੈ ਤੇ ਹੁਣ ਵੀ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਤੇ ਫਿਰਕੂ ਤਣਾਅ ਵੱਧ ਰਿਹਾ ਹੈ ਤੇ ਇਹ ਸਭ ਸਮੇਂ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਸਮੇਂ ਵਿਚ ਹੋਇਆ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਸਮਾਜ ਦਾ ਹਰ ਵਰਗ ਸੰਤਾਪ ਹੰਢਾ ਰਿਹਾ ਭਾਵੇਂ ਉਹ ਕਿਸਾਨ, ਨੌਜਵਾਨ, ਗਰੀਬ ਜਾਂ ਵਪਾਰੀ ਹੋਣ।
ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਦਾ ਮੌਜੂਦਾ ਹੀ ਸਮਾਂ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਅਕਾਲੀ ਦਲ ਹੀ ਇਕਲੌਤਾ ਜਵਾਬ ਹੈ। ਉਹਨਾਂ ਕਿਹਾ ਕਿ ਸਿਰਫ ਇਕ ਖੇਤਰੀ ਪਾਰਟੀ ਹੀ ਤੁਹਾਡੇ ਹੱਕਾਂ ਵਾਸਤੇ ਲੜ ਸਕਦੀ ਹੈ ਤੇ ਤੁਹਾਨੂੰ ਪਹਿਲਾਂ ਰੱਖ ਸਕਦੀ ਹੈ।
ਸੂਬੇ ਵਿਚ ਆਪ-ਕਾਂਗਰਸ ਗਠਜੋੜ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਤੇ ਕਾਂਗਰਸ ਦਾ ਪੰਜਾਬ ਵਿਚ ਵੀ ਉਸੇ ਤਰੀਕੇ ਗਠਜੋੜ ਹੈ ਜਿਵੇਂ ਦੇਸ਼ ਦੇ ਹੋਰ ਹਿੱਸਿਆਂ ਵਿਚ ਹੈ। ਉਹਨਾਂ ਕਿਹਾ ਕਿ ਇਥੇ ਹੀ ਇਹ ਸ਼ਰ੍ਹੇਆਮ ਗਠਜੋੜ ਨਹੀਂ ਦੱਸ ਰਹੇ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਇਥੇ ਆਪ ਸਰਕਾਰ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਦੀ ਦੋਵਾਂ ਨੂੰ ਮਾਰ ਨਾ ਪੈ ਜਾਵੇ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਨੂੰ ਸਮਝਣ ਤੇ ਚੋਣਾਂ ਵਿਚ ਦੋਵਾਂ ਪਾਰਟੀਆਂ ਨੂੰ ਰੱਦ ਕਰਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਅਕਾਲੀ ਦਲ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ ਤੇ ਚੋਣ ਪ੍ਰਚਾਰ ਵਿਚ ਦਿੱਲੀ ਆਧਾਰਿਤ ਪਾਰਟੀਆਂ ਕਮਜ਼ੋਰ ਹੋ ਰਹੀਆਂ ਹਨ, ਉਸ ਤੋਂ ਜਾਪਦਾ ਹੈ ਕਿ ਲੋਕਾਂ ਨੇ ਸਮਝ ਲਿਆ ਹੈ ਕਿ ਸਿਰਫ ਅਕਾਲੀ ਦਲ ਹੀ ਖੇਤਰੀ ਇੱਛਾਵਾਂ ਦੀ ਪੂਰਤੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਇਕ ਇਤਿਹਾਸਕ ਫਤਵਾ ਦੇਣਗੀਆਂ ਜਦੋਂ ਕੌਮੀ ਪਾਰਟੀਆਂ ਦਾ ਪੰਜਾਬ ਵਿਚੋਂ ਸਫਾਇਆ ਹੋ ਜਾਵੇਗਾ।
ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਵਿਚ ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਭਰ ਵਿਚ ਜੁਡੀਸ਼ੀਅਨ ਕੰਪਲੈਕਸ ਤੇ ਵਕੀਲਾਂ ਦੇ ਚੈਂਬਰ ਬਣਾਏ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਇਸਾਈ ਭਾਈਚਾਰੇ ਸਮੇਤ ਸਾਰੇ ਭਾਈਚਾਰਿਆਂ ਨੂੰ ਵਿਕਾਸ ਦੇ ਰਾਹ ’ਤੇ ਇਕੱਠਿਆਂ ਲੈ ਕੇ ਤੁਰਿਆ ਜਾਂਦਾ ਸੀ। ਇਸਾਈ ਭਾਈਚਾਰੇ ਦੇ ਲੋਕਾਂ ਨੇ ਵੀ ਅਕਾਲੀ ਦਲ ਨੂੰ ਫਿਰਕੂ ਸਦਭਾਵਨਾ ਦਾ ਪ੍ਰਤੀਕ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਫਿਰਕੂ ਭਾਸ਼ਣਾਂ ਰਾਹੀਂ ਵੋਟਾਂ ਦਾ ਧਰੁਵੀਕਰਨ ਕਰਨ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਆਗੂ ਇਕਬਾਲ ਸਿੰਘ ਬੱਬਲੀ ਢਿੱਲੋਂ, ਮੋਹਿਤ ਗੁਪਤਾ, ਬਲਜੀਤ ਸਿੰਘ ਬੀੜਬਹਿਮਣ,ਰਾਜਵਿੰਦਰ ਸਿੰਘ ਅਤੇ ਸਨੀ ਬਰਾੜ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।