ਚੰਡੀਗੜ੍ਹ 28 ਦਸੰਬਰ (ਖ਼ਬਰ ਖਾਸ ਬਿਊਰੋ)
ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖਕੇ ਪੀਲੀਭੀਤ (ਉਤਰ ਪ੍ਰਦੇਸ਼) ਵਿਖੇ ਹੋਏ ਪੁਲਿਸ ਮੁਕਾਬਲੇ ਨੂੰ ਝੂਠਾ ਦੱਸਦੇ ਹੋਏ ਯੂਪੀ ਸਰਕਾਰ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਗਿਆਸਪੁਰਾ ਦੀ ਸਪੀਕਰ ਨੂੰ ਲਿਖੀ ਇਹ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਦੀ ਕਾਰਜਸੈਲੀ ਉਤੇ ਸਵਾਲ ਖੜੇ ਕਰ ਰਹੀ ਹੈ। ਪੰਜਾਬ ਪੁਲਿਸ ਨੇ ਪਿਛਲੇ ਦਿਨ ਪੀਲੀਭੀਤ ਵਿਖੇ ਮਾਰੇ ਗਏ ਤਿੰਨ ਨੌਜਵਾਨਾਂ ਗੁਰਵਿੰਦਰ ਸਿੰਘ (25), ਰਵਿੰਦਰ ਸਿੰਘ (23) ਅਤੇ ਜਸਪ੍ਰੀਤ ਸਿੰਘ (18) ਨੂੰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਅੱਤਵਾਦੀ ਦੱਸਿਆ ਸੀ। ਡੀਜੀਪੀ ਗੌਰਵ ਯਾਦਵ ਵਲੋਂ 23 ਦਸੰਬਰ ਨੂੰ ਜਾਰੀ ਕੀਤੇ ਬਿਆਨ ਵਿਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕਲਾਨੌਰ (ਗੁਰਦਾਸਪੁਰ) ਵਿਖੇ ਪੁਲਿਸ ਚੌਕੀ ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਅਤਵਾਦੀ ਉਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਦੇ ਸਾਂਝੇ ਅਪਰੇਸ਼ਨ ਦੌਰਾਨ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਹਨ।
ਵਕੀਲਾਂ ਤੇ ਮਨੁੱਖੀ ਅਧਿਕਾਰਾਂ ਦੀ ਟੀਮ ਨੇ ਕੀਤਾ ਸੀ ਦੌਰਾ
ਯਾਦ ਰਹੇ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਵਕੀਲਾਂ ਤੇ ਸਮਾਜ ਸੇਵੀ ਕਾਰਕੁੰਨਾਂ ਨੇ ਪੁਲਿਸ ਦੇ ਦਾਅਵਿਆ ਨੂੰ ਝੂਠਾ ਦੱਸਿਆ ਸੀ। ਵਕੀਲਾਂ ਨੇ ਪਿਛਲੇ ਦਿਨ ਮ੍ਰਿਤਕ ਨੌਜਵਾਨਾਂ ਦੇ ਘਰਾਂ ਦਾ ਦੌਰਾ ਕਰਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਮੁੰਡਿਆ ਦਾ ਕਿਸੇ ਅੱਤਵਾਦੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ।
ਚਿੱਠ ਵਿਚ ਇਹ ਲਿਖਿਆ
ਗਿਆਸਪੁਰਾ ਨੇ ਸਪੀਕਰ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਖਾਲਿਸਤਾਨੀ ਦੱਸਕੇ ਮੁਕਾਬਲਾ ਬਣਾਕੇ ਮਾਰਿਆ ਹੈ। ਇਹ ਮੁਕਾਬਲਾ ਕਿਸੇ ਪੱਖੋ ਵੀ ਸਹੀ ਨਹੀਂ ਲੱਗ ਰਿਹਾ। ਉਹਨਾਂ ਕਿਹਾ ਕਿ ਸਪੀਕਰ ਸਾਹਿਬ ਤੁਸੀ ਵਿਧਾਨ ਸਭਾ ਦੇ ਕਸਟੌਡੀਅਨ ਹੋ। ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਕਿਸੇ ਸੂਬੇ ਵਿਚ ਇਸ ਤਰਾਂ ਝੂਠਾ ਮੁਕਾਬਲਾ ਬਣਾਕੇ ਮਾਰਿਆ ਜਾਵੇ ਤਾਂ ਇਸ ਖਿਲਾਫ਼ ਅਵਾਜ਼ ਚੁੱਕਣੀ ਚਾਹੀਦੀ ਹੈ। ਗਿਆਸਪੁਰਾ ਨੇ ਸਪੀਕਰ ਨੂੰ ਯੂਪੀ ਸਰਕਾਰ ਨੂੰ ਉਚ ਪੱਧਰੀ ਜਾਂਚ ਕਰਵਾਉਣ ਲਈ ਚਿੱਠੀ ਲਿਖਣ ਦੀ ਗੱਲ ਕਹੀ ਹੈ ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾਵੇ ਤੇ ਦੋਸ਼ੀ ਖਿਲਾਫ਼ ਕਾਰਵਾਈ ਕੀਤੀ ਜਾਵੇ।

ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਭਾਵੇਂ ਆਪ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਪੀਕਰ ਵਿਧਾਨ ਸਭਾ ਨੂੰ ਚਿੱਠੀ ਲਿਖਕੇ ਪੰਜਾਬ ਪੁਲਿਸ ਦੀ ਕਾਰਜ਼ਸ਼ੈਲੀ ਤੇ ਉਂਗਲ ਚੁੱਕੀ ਗਈ ਹੈ, ਪਰ ਸਿੱਧੇ ਤੌਰ ‘ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਉਤੇ ਸਵਾਲ ਖੜੇ ਕੀਤੇ ਗਏ ਹਨ।
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ ਨੌਜਵਾਨਾਂ ਨੂੰ ਮਾਰਨ ਜਾਂ ਲਾਪਤਾ ਕਰਨ ਦੇ ਮਾਮਲੇ ਵਿਚ ਪਿਛਲੇ ਦਿਨਾਂ ਦੌਰਾਨ ਕਈ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਜੇਲ੍ਹ ਵੀ ਹੋਈ ਹੈ। ਹਾਲ ਵਿਚ ਹੀ ਸੀਬੀਆਈ ਮੋਹਾਲੀ ਦੀ ਕੋਰਟ ਨੇ ਤਰਨ ਤਾਰਨ ਜ਼ਿਲੇ ਨਾਲ ਸਬੰਧਤ ਇਕ ਅਜਾਦੀ ਘੁਲਾਟੀਏ ਨਾਲ ਸਬੰਧਤ ਪਰਿਵਾਰ ਦੇ ਨ ਨੌਜਵਾਨ ਨੂੰ ਲਾਪਤਾ ਕਰਨ ਦੇ ਮਾਮਲੇ ਵਿਚ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਸੀ।