ਚੰਡੀਗੜ੍ਹ 28 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ “ਕਵਿਤਾ ਵਰਕਸ਼ਾਪ” ਦਾ ਤੀਜਾ ਦਿਨ “ਗ਼ਜ਼ਲ” ਕੇਂਦਰਤ ਸੀ।
ਉੱਘੇ ਸ਼ਾਇਰ ਤੇ ਆਲੋਚਕ ਡਾ. ਸ਼ਮਸ਼ੇਰ ਮੋਹੀ ਨੇ ਗ਼ਜ਼ਲ ਬਾਰੇ ਬੋਲਦਿਆਂ ਕਿਹਾ ਕਿ ਗ਼ਜ਼ਲ ਇਕ ਜ਼ਮੀਨ ਇਕ ਬਹਿਰ, ਛੰਦ ਵਿਚ ਲਿਖੇ ਜਾਣ ਵਾਲ਼ੇ ਕੁਝ ਸ਼ਿਅਰਾਂ ਦਾ ਸਮੂਹ ਹੈ। ਉਹਨਾਂ ਕਿਹਾ ਕਿ ਚੰਗੀ ਗ਼ਜ਼ਲ ਲਿਖਣ ਲਈ ਭਾਸ਼ਾ, ਤਗ਼ੱਜ਼ਲ ਦੀ ਵੀ ਜ਼ਰੂਰਤ ਹੈ। ਉਹਨਾਂ ਨੇ ਮਤਲੇ, ਮਕਤੇ, ਮਿਸਰਿਆਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ।
ਇਸ ਉਪਰੰਤ ਖੋਜਾਰਥੀ ਦਵਿੰਦਰ ਸਿੰਘ, ਕੁਲਬੀਰ ਕੌਰ, ਹਰਦੀਪ ਕੌਰ, ਡਾ. ਜਰਮਨਜੀਤ ਨੇ ਗ਼ਜ਼ਲ ਸ਼ਾਸਤਰ ਸੰਬੰਧੀ ਗੰਭੀਰ ਸਵਾਲ ਪੁੱਛੇ, ਜਿਨ੍ਹਾਂ ਦਾ ਅੱਜ ਦੇ ਪ੍ਰਮੁੱਖ ਵਕਤਾ ਡਾ. ਸ਼ਮਸ਼ੇਰ ਮੋਹੀ ਹੋਰਾਂ ਨੇ ਵਧੀਆ ਜੁਆਬ ਦਿੱਤਾ। ਇਸ ਤੋਂ ਬਾਅਦ ਮੁਸ਼ਾਇਰਾ ਹੋਇਆ। ਸਭ ਤੋਂ ਪਹਿਲਾਂ ਨੌਜਵਾਨ ਸ਼ਾਇਰ ਅਰਜ਼ਪ੍ਰੀਤ ਨੇ ਆਪਣੀ ਗ਼ਜ਼ਲ ਸੁਣਾ ਕੇ ਰੰਗ ਬੰਨ੍ਹਿਆ।
ਇਸ ਤੋਂ ਬਾਅਦ ਗੁਰਚਰਨ ਸਿੰਘ ਮੁਹਾਲੀ, ਸ਼ਾਇਰ ਭੱਟੀ,ਮਨਜੀਤਪਾਲ ਸਿੰਘ, ਪ੍ਰਤਾਪ ਪਾਰਸ, ਪਿਆਰਾ ਸਿੰਘ ਰਾਹੀ ਨੇ ਆਪਣੀਆਂ ਰਚਨਾਵਾਂ ਸੁਣਾਈਆਂ।ਮੁਸ਼ਾਇਰੇ ਦੇ ਅਗਲੇ ਦੌਰ ਵਿਚ ਡਾ. ਸੁਨੀਤ ਮਦਾਨ ਨੇ ਅੰਗਰੇਜ਼ੀ ਵਿਚ ਗ਼ਜ਼ਲ ਸੁਣਾ ਕੇ ਵਾਹ ਵਾਹ ਖੱਟੀ। ਇਸ ਤੋਂ ਬਾਅਦ ਉੱਘੀ ਹਿੰਦੀ ਸ਼ਾਇਰ ਬਬੀਤਾ ਕਪੂਰ ਨੇ ਖੂਬਸੂਰਤ ਕਲਾਮ ਸੁਣਾਇਆ।- ਹਰ ਦਿਨ ਕੀਮਤ ਘਟਦੀ ਰਹਿਤੀ ਹੈ, ਯੇ ਮੈਂ ਹੂੰ ਯਾ ਮੁਝਮੇਂ ਹੈ ਬਾਜ਼ਾਰ ਕੋਈ। ਊਰਦੂ ਦਾ ਰੰਗ ਲੈ ਕੇ ਆਏ ਮਹੇਸ਼ਵਰ ਸਿੰਘ, ਸਨੀ ਕਬੀਰ, ਕਰਨ ਸਹਰ, ਨਵੀਨ ਗੁਪਤਾ,ਨੇ ਉਮਦਾ ਸ਼ਾਇਰੀ ਦਾ ਮੁਜ਼ਾਹਰਾ ਕੀਤਾ। ਰੇਖਤਾ ਦੇ ਸ਼ਾਇਰ ਮਹਿੰਦਰ ਸਾਨੀ ਨੇ ਬਾਬਾ ਨਾਨਕ ‘ਤੇ ਗ਼ਜ਼ਲ ਸੁਣਾ ਕੇ ਦਾਦ ਖੱਟੀ। ਫੇਰ ਪੰਜਾਬੀ ਵੱਲ ਮੁੜਦੇ ਹੋਏ ਨਰਿੰਜਣ ਸੂਖ਼ਮ, ਨੇ ਚੰਗੀ ਹਾਜ਼ਰੀ ਲਵਾਈ; ਖੰਨਾ ਤੋਂ ਆਏ ਸ਼ਾਇਰ ਜਗਦੀਪ ਨੇ : ਨਜ਼ਰ ਪਥਰਾ ਗਈ ਖ਼ਾਬਾਂ ਦੀ ਹਰਿਆਲੀ ਨਹੀਂ ਗਈ, ਤੇਰਾ ਦੁੱਖ ਤਾਂ ਚਲਾ ਗਿਆ, ਅੱਖ ਦੀ ਲਾਲੀ ਨਹੀਂ ਗਈ, ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਰਾਮਪੁਰ ਤੋਂ ਆਏ ਸ਼ਾਇਰ ਅਮਰਿੰਦਰ ਸੋਹਲ ਨੇ ਵੱਖਰੇ ਮੁਹਾਵਰੇ ਵਾਲ਼ੀ ਗ਼ਜ਼ਲ ਸੁਣਾ ਕੇ ਸਰੋਤਿਆਂ ਨੂੰ ਤਾੜੀ ਮਾਰਨ ਲਈ ਮਜ਼ਬੂਰ ਕਰ ਦਿੱਤਾ। ਅੱਜ ਦੇ ਵਿਸ਼ੇਸ਼ ਸ਼ਾਇਰ ਐਸ. ਨਸੀਮ ਆਪਣੀਆਂ ਗ਼ਜ਼ਲਾਂ, ਕੋਈ ਕੋਈ ਤੇ ਦਰਦ ਸਫ਼ਰ ਤਨਹਾਈ ਸੁਣਾ ਮੁਸ਼ਾਇਰੇ ਨੂੰ ਸਿਖ਼ਰ ‘ਤੇ ਲੈ ਗਏ; ਉਹਨਾਂ ਨੇ “ਗ਼ਜ਼ਲ” ਦੇ ਸੈਸ਼ਨ ਨੂੰ ਕਾਮਯਾਬ ਦੱਸਿਆ। ਇਸ ਤੋਂ ਬਾਅਦ ਡਾ. ਸ਼ਮਸ਼ੇਰ ਮੋਹੀ ਨੇ: ਅੱਗ ਦੀ ਨਦੀ ਹੱਸਦਿਆਂ ਪੀ ਦਿਖਾਲਣਾ, ਮੇਰਾ ਉਹਨਾਂ ਦੀ ਫਿਲਮ ਵਿਚ ਏਨਾ ਕੁ ਸੀਨ ਹੈ,ਸੁਣਾ ਕੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ।ਅੱਜ ਦੇ “ਗ਼ਜ਼ਲ” ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉੱਘੀ ਸ਼ਾਇਰਾ ਡਾ. ਗੁਰਮਿੰਦਰ ਸਿੱਧੂ ਹੋਰਾਂ ਨੇ ਅੱਜ ਦੇ ਸੈਸ਼ਨ ਨੂੰ ਕਾਮਯਾਬ ਦੱਸਿਆ ਤੇ ਇਕੱਲੇ ਇਕੱਲੇ ਸ਼ਾਇਰ ਦੇ ਕਲਾਮ ਬਾਰੇ ਗੱਲ ਕੀਤੀ ਤੇ ਆਪਣੀ ਰਚਨਾ ਵੀ ਸਾਂਝੀ ਕੀਤੀ।
ਮੰਚ ਸੰਚਾਲਨ ਵਰਕਸ਼ਾਪ ਦੇ ਕੌਰਾਡੀਨੇਟਰ ਜਗਦੀਪ ਸਿੱਧੂ ਨੇ ਕੀਤਾ। ਸਾਰੇ ਮਹਿਮਾਨਾਂ ਦਾ ਧੰਨਵਾਦ ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਤੇ ਵਰਕਸ਼ਾਪ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਕੀਤਾ। ਅੱਜ ਦੇ ਸੈਸ਼ਨ ਵਿਚ ਸੁਰਜੀਤ ਸੁਮਨ, ਸਚਦੇਵਾ ਸਾਹਿਬ,ਡਾ. ਸੁਰਿੰਦਰ ਗਿੱਲ ਗਰਜੋਧ ਕੌਰ, ਦਰਸ਼ਨ ਤਿਉਣਾ, ਵਰਿੰਦਰ ਸਿੰਘ, ਪਾਲ ਅਜਨਬੀ, ਪ੍ਰੀਤਮ ਰੁਪਾਲ, ਸੁਖਵਿੰਦਰ ਸਿੱਧੂ,ਪਲਵੀ ਰਾਮਪਾਲ, ਸੁਧਾ ਮਹਿਤਾ ਆਦਿ ਸ਼ਾਮਿਲ ਹੋਏ।