ਚੰਡੀਗੜ੍ਹ 28 ਦਸੰਬਰ (ਖ਼ਬਰ ਖਾਸ ਬਿਊਰੋ)
ਪਿਛਲੇ ਕਈ ਸਾਲਾਂ ਤੋਂ ਮੁਨਾਫ਼ੇ ਵਿੱਚ ਚੱਲ ਰਹੇ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀ ਨੂੰ ਵੇਚਣ ਦੇ ਰੋਸ ਵਜੋਂ ਚੰਡੀਗੜ੍ਹ ਵਾਸੀਆਂ ਨੇ ਅੱਜ 20ਵੇਂ ਦਿਨ ਕੜਾਕੇ ਦੀ ਠੰਡ ਅਤੇ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੈਕਟਰ 37 ਵਿੱਚ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਨੌਜਵਾਨ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ, ਦਲੇਰ ਸਿੰਘ ਰਜਿੰਦਰ ਸਿੰਘ ਅਤੇ ਕਿਸਾਨ ਯੂਨੀਅਨ( ਟਕੈਤ) ਦੇ ਆਗੂ ਸਰਵੇਸ਼ ਯਾਦਵ ਨੇ ਕੀਤੀ।
ਇਹ ਰੋਸ ਪ੍ਰਦਰਸ਼ਨ ਸੈਕਟਰ 37 ਸੀ ਦਸ਼ਮੇਸ਼ ਟੈਕਸੀ ਸਟੈਂਡ ਤੋਂ ਸ਼ੁਰੂ ਹੋ ਕੇ ਮੇਨ ਮਾਰਕੀਟ ਵਿੱਚ ਦੀ ਹੁੰਦਾ ਹੋਇਆ ਸੈਕਟਰ 37 ਡੀ ਦੀ ਮਾਰਕੀਟ , 37 ਡੀ ਉਪਰੰਤ ਈ. ਡਬਲਿਊ .ਐਸ ਕਲੋਨੀ ਵਿੱਚ ਦੀ ਹੁੰਦਾ ਹੋਇਆ ਮੁੜ ਸੈਕਟਰ 37 ਸੀ ਦੀ ਮਾਰਕੀਟ ਵਿੱਚ ਆ ਕੇ ਸਮਾਪਤ ਹੋਇਆ।
ਇਸ ਮੌਕੇ ਬੋਲਦਿਆਂ ਨੌਜਵਾਨ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਬਿਜਲੀ ਪ੍ਰਾਈਵੇਟ ਹੋਣ ਨਾਲ ਕੇਵਲ ਬਿਜਲੀ ਦੀਆਂ ਦਰਾਂ ਹੀ ਨਹੀਂ ਵਧਣਗੀਆਂ ਸਗੋਂ ਚੰਡੀਗੜ੍ਹ ਦੇ ਲੋਕਾਂ ਨੂੰ ਚਾਹੁੰ ਤਰਫੀ ਮਹਿੰਗਾਈ ਦੀ ਮਾਰ ਪਵੇਗੀ । ਲੋਕਾਂ ਨੂੰ ਆਪਣਾ ਘਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਿਕਲ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਕਰਨ ਤਾਂ ਜੋ ਇਸ ਨਿੱਜੀਕਰਨ ਦੇ ਫੈਸਲੇ ਨੂੰ ਵਾਪਿਸ ਕਰਵਾਇਆ ਜਾ ਸਕੇ।
ਪੇਂਡੂ ਸੰਘਰਸ਼ ਕਮੇਟੀ ਅਤੇ ਤਰਕਸ਼ੀਲ ਸੋਸਾਇਟੀ ਚੰਡੀਗੜ੍ਹ ਦੇ ਆਗੂ ਜੋਗਾ ਸਿੰਘ ਨੇ ਕਿਹਾ ਕਿ ਬਿਜਲੀ ਆਮ ਲੋਕਾਂ ਦੀ ਮੁਢਲੀ ਜਰੂਰਤ ਹੈ ਜਿਸ ਨੂੰ ਮੁਹਈਆ ਕਰਾਉਣਾ ਸਰਕਾਰ ਦਾ ਫਰਜ਼ ਬਣਦਾ ਹੈ ਅਤੇ ਸਰਕਾਰ ਅੱਜ ਆਪਣੇ ਫਰਜ਼ਾਂ ਤੋਂ ਭੱਜ ਰਹੀ ਹੈ ਜਿਸ ਨੂੰ ਚੰਡੀਗੜ੍ਹ ਦੇ ਵਾਸੀ ਬਰਦਾਸ਼ਤ ਨਹੀਂ ਕਰਨਗੇ ਅਤੇ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਬੋਲਦਿਆਂ ਜਨਵਾਦੀ ਮਹਿਲਾ ਸਮਿਤੀ ਦੀ ਆਗੂ ਆਸ਼ਾ ਰਾਣਾ ਨੇ ਕਿਹਾ ਕਿ ਉਹ ਸ਼ਹਿਰ ਦੇ ਗਰੀਬ ਲੋਕਾਂ ਦੇ ਜੇਬਾਂ ਤੇ ਡਾਕਾ ਨਹੀਂ ਪੈਣ ਦੇਣਗੇ ਅਤੇ ਇਸ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਕਲੋਨੀਆਂ ਮੁਹੱਲਿਆਂ ਵਿੱਚ ਜਾਣਗੇ ਅਤੇ ਲੋਕਾਂ ਨੂੰ ਇਸ ਖ਼ਿਲਾਫ਼ ਲਾਮਬੰਦ ਕਰਨਗੇ।ਉਹ ਇਸ ਲਈ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਰਹਿਣਗੇ ।
ਇਸ ਮੌਕੇ ਤੇ ਨੌਜਵਾਨ ਕਿਸਾਨ ਏਕਤਾ ਦੇ ਆਗੂ ਰਜਿੰਦਰ ਸਿੰਘ, ਅਰਦਾਸ ਫਾਊਂਡੇਸ਼ਨ ਤੋਂ ਗੁਰਦੀਪ ਸਿੰਘ ਸੈਣੀ, ਸੀ.ਆਈ.ਟੀ.ਯੂ ਚੰਡੀਗੜ੍ਹ ਤੋਂ ਦਿਨੇਸ਼ ਕੁਮਾਰ ,ਸ਼ਹਿਨਾਜ਼ ਮੁਹੰਮਦ ਗੋਰਸ਼ੀ ,ਰਾਮ ਆਧਾਰ, ਭਾਰਤੀ ਕਿਸਾਨ ਯੂਨੀਅਨ ਤੋਂ ਐਡਵੋਕੇਟ ਸੰਦੀਪ ਰਾਜ ਸਮੇਤ ਵੱਖ-ਵੱਖ ਪਿੰਡਾਂ ਅਤੇ ਸੈਕਟਰਾਂ ਵਿੱਚੋਂ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ । ਜਿਨ੍ਹਾਂ ਨੇ ਹੱਥਾਂ ਵਿੱਚ ਨਿੱਜੀਕਰਨ ਦੇ ਵਿਰੋਧ ਚ’ ਲਿਖੀਆਂ ਤਖਤੀਆਂ ਫੜ ਕੇ ਪੈਦਲ ਰੋਸ ਮਾਰਚ ਕੀਤਾ ਅਤੇ ਉਹ ਨਿੱਜੀਕਰਨ ਬੰਦ ਕਰੋ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ।