ਰਾਏਕੋਟ, 28 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ ਅਤੇ ਹਰਿਆਣਾ ਪੈਟਰਨ ‘ਤੇ ਮੁਫ਼ਤ ਬੱਸ ਪਾਸ ਦੀ ਸਹੂਲਤ ਦੇਣ ਸਮੇਤ ਹੋਰ ਭਖਦੀਆਂ ਮੰਗਾਂ ਬਾਰੇ ਮੰਗ-ਪੱਤਰ ਸੂਬੇ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਜਥੇਬੰਦਕ ਸਕੱਤਰ ਸੰਤੋਖ ਗਿੱਲ ਦੀ ਅਗਵਾਈ ਹੇਠ ਦਿੱਤਾ।
ਪੱਤਰਕਾਰ ਆਗੂਆਂ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਆਪ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਕੋਲ ਗਿਲਾ ਕੀਤਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੱਤਰਕਾਰਾਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ ਉਨ੍ਹਾਂ ਬਾਰੇ ਚਰਚਾ ਕਰਨ ਲਈ ਤਿੰਨ ਸਾਲਾਂ ਵਿੱਚ ਮੀਟਿੰਗ ਤੱਕ ਨਹੀਂ ਬੁਲਾਈ ਹੈ। ਇਸ ਸਬੰਧੀ ਮੰਤਰੀ ਮੁੰਡੀਆਂ ਅਤੇ ਸ਼ੈਰੀ ਕਲਸੀ ਨੇ ਪੱਤਰਕਾਰਾਂ ਦੀਆਂ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਭਾਗ ਦੇ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਪੱਤਰਕਾਰਾਂ ਨੇ ਆਪਣੇ ਮੰਗ ਪੱਤਰ ਵਿੱਚ ਚੰਡੀਗੜ੍ਹ ਵਿੱਚ ਪੱਤਰਕਾਰਾਂ ਲਈ ਸਸਤੇ ਦਰਾਂ ਉਪਰ ਮਕਾਨਾਂ ਅਤੇ ਫਲੈਟਾਂ ਲਈ ਪਲਾਟ ਦੇਣ, ਸਿਹਤ ਬੀਮਾ ਯੋਜਨਾ ਸਾਰੇ ਪੱਤਰਕਾਰਾਂ ਉਪਰ ਲਾਗੂ ਕਰਨ, ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਲਈ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਪੀਲੇ ਕਾਰਡ ਜਾਰੀ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਪੱਕੀ ਵਿਵਸਥਾ ਕਰਨ ਦੀ ਮੰਗ ਵੀ ਕੀਤੀ। ਵਫ਼ਦ ਵਿੱਚ ਹੋਰਨਾ ਤੋਂ ਇਲਾਵਾ ਬਲਵਿੰਦਰ ਸਿੰਘ ਲਿੱਤਰ, ਹਰਪ੍ਰੀਤ ਸਿੰਘ ਸਿੱਧੂ, ਅਮਰਜੀਤ ਸਿੰਘ ਧੰਜਲ, ਭਗਵਾਨ ਢਿੱਲੋਂ, ਗੁਰਚਰਨ ਹੂੰਝਣ, ਸੁਨੀਲ ਅਗਰਵਾਲ, ਸੰਜੀਵ ਭੱਲਾ, ਜਸਵੰਤ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਗਰੇਵਾਲ ਵੀ ਮੌਜੂਦ ਸਨ।