ਬਠਿੰਡਾ 27 ਦਸੰਬਰ (ਖ਼ਬਰ ਖਾਸ ਬਿਊਰੋ)
ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਤਲਵੰਡੀ ਸਾਬੋ -ਬਠਿੰਡਾ ਰੋਡ ਉਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਇਕ ਪ੍ਰਾਈਵੇਟ ਬੱਸ ਭਾਗੀਵਾਂਦੜ ਗੰਦੇ ਨਾਲ੍ਹੇ (ਡ੍ਰੇਨ)ਵਿਚ ਡਿੱਗ ਗਈ। ਜਿਸ ਨਾਲ ਦਰਜਨਾਂ ਸਵਾਰੀਆਂ ਜਖ਼ਮੀ ਹੋ ਗਈਆਂ। ਸਵਾਰੀਆਂ ਨੂੰ ਵੱਡੀ ਮੁਸ਼ਕਲ ਨਾਲ ਰਾਹਗੀਰਾਂ ਅਤੇ ਸਮਾਜ ਸੇਵੀ ਲੋਕਾਂ ਨੇ ਸ਼ੀਸ਼ੇ ਤੋੜ੍ਹ ਕੇ ਬਾਹਰ ਕੱਢਿਆ। ਦੱਸਿਆ ਜਾਂਦਾ ਹੈ ਕਿ ਬੱਸ ਚਾਲਕ ਦੀ ਹਾਦਸੇ ਵਿਚ ਮੌਤ ਹੋ ਗਈ। ਬੱਸ ਚਾਲਕ ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸ ਕੋਟਧਰਮੂ ਜਿਲਾ ਮਾਨਸਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਇਹ ਘਟਨਾ ਦੁਪਿਹਰ ਨੂੰ ਉਸ ਸਮੇਂ ਵਾਪਰੀ ਜਦੋਂ ਨਿੱਜੀ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਆ ਰਹੀ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਲੰਘਦੇ ਹੀ ਬੱਸ ਨੇ ਇਕ ਟਰੱਕ ਨੂੰ ਰਸਤਾ ਦੇਣ ਲਈ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਬੱਸ ਦਾ ਸਤੁੰਲਨ ਵਿਗੜ ਗਿਆ ਅਤੇ ਬੱਸ ਭਾਗੀਵਾਂਦੜ ਨੇੜੇ ਗੰਦੇ ਨਾਲੇ (ਲਸਾੜਾ ਡ੍ਰੇਨ) ਵਿਚ ਡਿੱਗ ਪਈ।
ਜਾਣਕਾਰੀ ਅਨੁਸਾਰ ਗੁਰੂ ਕਾਸ਼ੀ ਕੰਪਨੀ ਦੀ ਬੱਸ ਨੰਬਰ ਪੀਬੀ 11ਡੀਬੀ-6631 ਸਰਦੂਲਗੜ੍ਹ ਤੋਂ ਆ ਰਹੀ ਸੀ। ਹਾਦਸੇ ਵਿਚ ਸਵਾਰੀਆਂ ਦੇ ਵੱਡੇ ਨੁਕਸਾਨ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆ ਹੀ ਪੁਲਿਸ ਅਤੇ ਐਨਡੀਆਰਐਫ਼ ਦੀਆਂ ਟੀਮਾਂ, ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਘਟਨਾ ਸਥਾਨ ਉਤੇ ਪੁੱਜ ਗਏ ਅਤੇ ਬੱਸ ਵਿਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਜਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਬਠਿੰਡਾ ਤੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੀ ਐਂਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਹੈ।
ਮਰਨ ਵਾਲਿਆ ਵਿਚ ਇਕ ਬੱਚਾ, ਤਿੰਨ ਔਰਤਾਂ ਅਤੇ ਪੰਜ ਬੰਦੇ ਸ਼ਾਮਲ ਹਨ।ਖ਼ਬਰ ਲਿਖੇ ਜਾਣ ਤੱਕ ਮਰਨ ਵਾਲਿਆਂ ਦੀ ਪਹਿਚਾਣ ਨਹੀਂ ਹੋ ਸਕੀ। ਦੱਸਿਆ ਜਾਂਦਾ ਹੈ ਕਿ ਬੱਸ ਵਿਚ ਪੰਜਾਹ ਦੇ ਕਰੀਬ ਸਵਾਰੀਆ ਸਨ। ਹਾਦਸੇ ਦਾ ਕਾਰਨ ਇਕਦਮ ਬ੍ਰੇਕ ਮਾਰਨਾ ਦੱਸਿਆ ਜਾਂਦਾ ਹੈ।