ਡਾ ਮਨਮੋਹਨ ਸਿੰਘ ਨੇ ਪੰਜਾਬੀ ਤੇ ਸਿੱਖ ਪਹਿਚਾਣ ਨੂੰ ਦੁਨੀਆਂ ਵਿਚ ਸਨਮਾਨ ਦੁਆਇਆ

ਚੰਡੀਗੜ੍ਹ, 27 ਦਸੰਬਰ (ਖ਼ਬਰ ਖਾਸ ਬਿਊਰੋ)

ਲਹਿੰਦੇ ਪੰਜਾਬ ਦੇ ਚਕਵਾਲ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਗਹਿ ਵਿਖੇ ਛੋਟੇ ਜਿਹੇ ਸਿੱਖ ਵਪਾਰੀ ਦੇ ਘਰ ਜਨਮੇ, ਡਾ. ਮਨਮੋਹਨ ਸਿੰਘ ਨੇ ਭਾਰਤ ਦਾ ਇਕ ਦਹਾਕਾ ਪ੍ਰਧਾਨ ਮੰਤਰੀ ਹੁੰਦਿਆਂ, ਦਸਤਾਰਧਾਰੀ ਪੂਰਨ ਸਿੱਖ ਦੇ ਰੂਪ ਵਿੱਚ ਸਿੱਖ ਅਤੇ ਪੰਜਾਬ ਪਹਿਚਾਣ ਨੂੰ ਦੁਨੀਆਂ ਭਰ ਦੇ ਉੱਚੇ/ਅਹਿਮ ਹਲਕਿਆਂ ਵਿੱਚ ਮਾਨ-ਸਨਮਾਨ ਦਵਾਇਆ।

          ਲੰਬੀ ਜ਼ਿੰਦਗੀ ਦੇ 92 ਸਾਲ ਦੀ ਉਮਰ ਭੋਗ ਕੇ, ਇਸ ਸੰਸਾਰ ਤੋਂ ਕੱਲ੍ਹ (26 ਦਸੰਬਰ) ਵਿਦਾਈ ਲੈਣ ਵਾਲੇ ਡਾ. ਮਨਮੋਹਨ ਸਿੰਘ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਤੀਖਣ ਬੁੱਧੀ ਦੇ ਹੋਣ ਕਰਕੇ ਬਹੁਤ ਵੱਡੇ ਅਤੇ ਉੱਚੇ ਅਹੁਦੇ ਪ੍ਰਾਪਤ ਕੀਤੇ। ਪੰਜਾਬ ਯੂਨੀਵਰਸਿਟੀ ਦੇ ਵੰਡ ਤੋਂ ਬਾਅਦ ਲਾਹੌਰ ਤੋਂ ਹੁਸ਼ਿਆਰਪੁਰ ਪਹੁੰਚੇ ਕੈਂਪਸ ਤੋਂ ਡਾ. ਮਨਮੋਹਨ ਸਿੰਘ ਨੇ 1954 ਵਿੱਚ ਅਰਥ ਸ਼ਾਸਤਰ ਦੀ ਐਮ.ਏ. ਕੀਤੀ ਅਤੇ ਫਿਰ 1957 ਤੋਂ 1962 ਵਿੱਚ ਕੈਂਬਰਿਜ ਅਤੇ ਮਾਕਫਰਡ ਯੂਨੀਵਰਸਿਟੀਆਂ ਤੋਂ ਅਰਥ ਸ਼ਾਸਤਰ ਦੀ ‘ਡੀ.ਫਿਲ’ ਡਿਗਰੀ ਪ੍ਰਾਪਤ ਕੀਤੀ। ਫਿਰ 1971 ਵਿੱਚ ਡਾ. ਸਾਹਿਬ ਕਾਮਰਸ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ ਬਨਣ ਤੋਂ ਬਾਅਦ ਲਗਾਤਾਰ ਸਰਕਾਰੀ ਅਹਿਮ ਪਦਵੀਆਂ ਉੱਤੇ ਤਾਇਨਾਤ ਰਹੇ। ਉਹ ਪਲੈਨਿੰਗ ਕਮਿਸ਼ਨ ਦੇ ਮੈਂਬਰ ਬਣੇ, ਰੀਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਆਰਥਕ ਸਲਾਹਕਾਰ ਅਤੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਵੀ ਰਹੇ। ਉਹ 33 ਸਾਲਾਂ ਤੱਕ ਰਾਜ ਸਭਾ ਦੇ ਅਸਾਮ ਤੋਂ ਮੈਂਬਰ ਰਹੇ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

          ਜਦੋਂ 1991-96 ਵਿੱਚ ਪ੍ਰਧਾਨ ਮੰਤਰੀ ਨਰਸਿੰਮਹਾ ਰਾਓ ਦੀ ਸਰਕਾਰ ਵਿੱਚ ਵਿੱਤ ਮੰਤਰੀ ਬਣ ਕੇ, ਡਾ. ਮਨਮੋਹਨ ਸਿੰਘ ਨੇ ਭਾਰਤ ਦੇ ਆਰਥਕ ਸਿਸਟਮ ਦੇ ਬੂਹੇ ਖੋਲ੍ਹ ਕੇ ਉਦਾਰਵਾਦੀ/ਲਿਬਰਲ ਲੀਹਾਂ ਉੱਤੇ ਤੋਰ ਕੇ ਵੱਡੇ ਮੁਲਕਾਂ ਦੀ ਗਿਣਤੀ ਵਿੱਚ ਸ਼ਾਮਿਲ ਕੀਤਾ।

          ਫਿਰ ਦਸ ਸਾਲਾਂ ਤੱਕ ਪ੍ਰਧਾਨ ਮੰਤਰੀ ਰਹਿਣ ਸਮੇਂ, ਦੇਸ਼ ਦੇ ਅਰਥਚਾਰੇ ਅਤੇ ਸਿਆਸੀ ਸਿਸਟਮ ਨੂੰ ਆਮ ਲੋਕਾਂ ਨਾਲ ਜੋੜਿਆ। ਇਸ ਸਬੰਧ ਵਿੱਚ ਉਹਨਾਂ ਦੇ ਰਾਜ ਭਾਗ ਸਮੇਂ ਆਮ ਲੋਕਾਂ ਲਈ ਸਰਕਾਰੀ ਸੂਚਨਾ ਦਾ ਅਧਿਕਾਰ, ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਅਤੇ ਸਰਕਾਰ ਤੋਂ ਕੰਮ/ਰੁਜ਼ਗਾਰ ਪ੍ਰਾਪਤ ਕਰਨ ਦਾ ਅਧਿਕਾਰ ਆਦਿ ਨੂੰ ਕਾਨੂੰਨੀ ਬਣਾਇਆ ਗਿਆ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

          ਡਾ. ਸਾਹਿਬ ਦੀ ਸਿਆਸਤ ਅਤੇ ਸਰਕਾਰੀ ਪਾਲਿਸੀਆਂ ਨੇ ਸੱਜੇ ਪੱਖੀ ਤਾਕਤਾਂ ਹਿੰਦੂਤਵੀ ਤਾਕਤਾਂ ਨੂੰ ਠੱਲ੍ਹ ਪਾ ਕੇ ਰੱਖੀ ਅਤੇ ਦੇਸ਼ ਦੀ ਜਮਹੂਰੀਅਤ ਨੂੰ ਬਚਾ ਕੇ ਰੱਖਿਆ, ਜਿਹੜੀ ਉਹਨਾਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਖ਼ਤਮ ਹੁੰਦਿਆਂ ਹੀ ਭਾਰਤ ਹਿੰਦੂ ਰਾਸ਼ਟਰ ਬਨਣ ਦੇ ਰਾਹ ਤੋਰ ਦਿੱਤਾ ਗਿਆ। ਇਓਂ ਲਗਦਾ ਕਿ ਉਹ ਭਾਰਤ ਦੀ ਜਮਹੂਰੀਅਤ ਦੇ ਅਖੀਰਲੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਹੀ ਭਵਿੱਖ ਵਿੱਚ ਜਾਣੇ ਜਾਣਗੇ।

          ਜਦੋਂ ਥੋੜ੍ਹੇ ਸਮੇਂ ਲਈ ਡਾ. ਸਾਹਿਬ ਨੇ ਪੰਜਾਬ ਯੂਨੀਵਰਸਿਟੀ ਦੇ ਚੰਡੀਗੜ੍ਹ ਕੈਂਪਸ ਵਿੱਚ ਅਰਥ ਵਿਭਾਗ ਵਿੱਚ ਲੈਕਚਰਾਰ ਦੇ ਤੌਰ ’ਤੇ ਪੜ੍ਹਾਇਆ, ਉਸ ਸਮੇਂ ਉਹ ਖੱਬੇ ਪੱਖੀ ਵਿਚਾਰਾਂ ਦੇ ਹਾਮੀ ਸਨ। ਪੰਜਾਬ ਦੀ 1967-68 ਵਿੱਚ ਨਕਸਲਵਾੜੀ ਲਹਿਰ ਦੇ ਆਗੂ ਹਾਕਮ ਸਮਾਉਂ ਨੇ ਆਪਣੀ ਜੀਵਨੀ ਵਿੱਚ ਇਕਸਾਫ ਕੀਤਾ ਕਿ ਡਾ. ਮਨਮੋਹਨ ਸਿੰਘ ਉਹਨਾਂ ਦੇ ਗੁਪਤ ਸੰਪਰਕ ਅਤੇ ਹਮਦਰਦ ਹੁੰਦੇ ਸਨ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

          ਡਾ. ਸਾਹਿਬ ਖੁਦ ਆਪਣੀ ਸੁਪਤਨੀ ਗੁਰਸ਼ਰਨ ਕੌਰ ਦੀ ਤਰਜ਼ ’ਤੇ ਸੱਚੇ ਸਿੱਖ ਸਰਧਾਲੂ ਸਨ, ਜਿਹਨਾਂ ਨੇ ਪ੍ਰੋ. ਸੁਰਜੀਤ ਹਾਂਸ ਅਤੇ ਹਰਿੰਦਰ ਸਿੰਘ ਮਹਿਬੂਬ ਵਗੈਰਾ ਦੀ  ਲਿਖਤਾਂ ਲਗਾਤਾਰ ਪੜ੍ਹਦੇ ਰਹੇ।

          ਆਪਣੇ ਪਿੰਡ ਗਹਿ ਦੇ ਬਚਪਨ ਦੇ ਦੋਸਤ ਅਤੇ ਜਮਾਤੀ ਰਾਜਾ ਮੁਹੰਮਦ ਅਲੀ ਨੂੰ ਮਈ 2008 ਵਿੱਚ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਬੜੇ ਖਲੂਸ ਅਤੇ ਮਲਾਰ ਨਾਲ ਜੱਫੀ ਪਾ ਕੇ ਮਿਲੇ। ਡਾ.ਮਨਮੋਹਨ ਸਿੰਘ ਨਿਮਰਤਾ, ਹਲੀਮੀ ਅਤੇ ਦਿਆਨਤਦਾਰੀ ਦੇ ਪੁੰਜ ਸਨ। ਜਿਹਨਾਂ ਦੀ ਸਾਫ਼-ਸੁਥਰੀ ਅਫ਼ਸਰੀ ਅਤੇ ਸਰਕਾਰੀ ਅਹੁਦਿਆਂ ਦੀ ਕਾਰਗੁਜ਼ਾਰੀ ਇਕ ਉੱਚੀ ਮਿਸਾਲ ਦੇ ਤੌਰ ’ਤੇ ਦੁਨੀਆਂ ਯਾਦ ਕਰੇਗੀ।

ਇਹ ਜਾਣਕਾਰੀ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਨੇ ਇਕ ਸਾਂਝੇ ਬਿਆਨ ਰਾਹੀਂ ਦਿੱਤੀ।

Leave a Reply

Your email address will not be published. Required fields are marked *