ਹੈਦਰਾਬਾਦ, 26 ਅਪ੍ਰੈਲ (ਖ਼ਬਰ ਖਾਸ ਬਿਊਰੋ)
ਤਿਲੰਗਾਨਾ ਵਿੱਚ ਨਤੀਜੇ ਐਲਾਨਣ ਦੇ 48 ਘੰਟਿਆਂ ਦੌਰਾਨ ਪ੍ਰੀਖਿਆ ਵਿੱਚ ਫੇਲ੍ਹ ਹੋਣ ਕਾਰਨ ਸੱਤ ਇੰਟਰਮੀਡੀਏਟ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਤਿਲੰਗਾਨਾ ਬੋਰਡ ਆਫ਼ ਇੰਟਰਮੀਡੀਏਟ ਪ੍ਰੀਖਿਆਵਾਂ ਨੇ 24 ਅਪਰੈਲ ਨੂੰ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਨਤੀਜਿਆਂ ਦਾ ਐਲਾਨ ਕੀਤਾ। ਪ੍ਰੀਖਿਆ ਵਿੱਚ ਫੇਲ੍ਹ ਹੋਣ ਤੋਂ ਬਾਅਦ ਦੋ ਲੜਕੀਆਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ ਜਦਕਿ ਦੂਜੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਇਸੇ ਤਰ੍ਹਾਂ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਨੇ ਇਮਤਿਹਾਨਾਂ ਵਿੱਚ ਫੇਲ੍ਹ ਹੋਣ ਬਾਅਦ ਸੁਲਤਾਨਬਾਜ਼ਾਰ ਪੁਲੀਸ ਸਟੇਸ਼ਨ ਦੀ ਹੱਦ ਵਿੱਚ ਕਥਿਤ ਤੌਰ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ਹਿਰ ਦੇ ਨਲਕੁੰਟਾ ਇਲਾਕੇ ਦਾ ਰਹਿਣ ਵਾਲਾ ਲੜਕਾ ਰੇਲਵੇ ਟਰੈਕ ਦੇ ਨੇੜੇ ਜਾਡਚੇਰਲਾ ਵਿਖੇ ਮ੍ਰਿਤ ਮਿਲਿਆ। ਤਿੰਨ ਇੰਟਰਮੀਡੀਏਟ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਇਮਤਿਹਾਨਾਂ ਵਿੱਚ ਫੇਲ੍ਹ ਹੋਣ ਕਾਰਨ ਵੱਖ-ਵੱਖ ਥਾਵਾਂ ‘ਤੇ ਆਤਮ ਹੱਤਿਆ ਕਰਨ ਦਾ ਸ਼ੱਕ ਕੀਤਾ ਹੈ।