ਸ਼੍ਰੀ ਅੰਮ੍ਰਿਤਸਰ ਸਾਹਿਬ 25 ਦਸੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਪਿਆਰਿਆ ਨੇ ਧਾਰਮਿਕ ਸਜ਼ਾ ਲਗਾਈ ਹੈ। ਸਿੰਘ ਸਾਹਿਬਾਨ ਵਲੋਂ ਸਜ਼ਾ ਲਗਾਉਣ ਬਾਅਦ ਭਾਈ ਹਰਜਿੰਦਰ ਸਿੰਘ ਧਾਮੀ ਨੇ ਸਚਖੰਡ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਸਰ ਸਾਹਿਬ ਵਿਖੇ ਆਪਣੀ ਸੇਵਾ ਕੀਤੀ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭਾਈ ਧਾਮੀ ਨੇ ਇਕ ਪੱਤਰਕਾਰ ਨਾਲ ਫੋਨ ਉਤੇ ਗੱਲਬਾਤ ਕਰਦਿਆਂ ਗਾਲ (ਅਪਸ਼ਬਦ) ਕੱਢੀ ਸੀ। ਬੀਬੀ ਜਗੀਰ ਕੌਰ ਨੂੰ ਕੱਢੀ ਗਈ ਗਾਲ ਦੀ ਆਡਿਓ ਵਾਇਰਲ ਹੋ ਗਈ ਸੀ, ਜਿਸ ਨਾਲ ਭਾਈ ਧਾਮੀ ਦੀ ਕਾਫ਼ੀ ਆਲੋਚਨਾ ਹੋਈ ਸੀ। ਹਾਲਾਂਕਿ ਭਾਈ ਧਾਮੀ ਨੇ ਪਹਿਲਾਂ ਹੀ ਜਨਤਕ ਤੌਰ ਉਤੇ ਮਾਫ਼ੀ ਮੰਗ ਲਈ ਸੀ, ਪਰ ਫਿਰ ਵੀ ਪੰਥਕ ਹਲਕਿਆਂ ਵਿਚ ਉਹਨਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਸੀ।
ਇਸੀ ਤਰਾਂ ਔਰਤ ਖਿਲਾਫ਼ ਅਪਸ਼ਬਦ ਕਹਿਣ ਉਤੇ ਵੂਮੈਨ ਕਮਿਸ਼ਨ ਨੇ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕੀਤਾ ਸੀ। ਕਮਿਸ਼ਨ ਅੱਗੇ ਪੇਸ਼ ਹੋ ਕੇ ਧਾਮੀ ਨੇ ਨਾ ਸਿਰਫ਼ ਮਾਫ਼ੀ ਮੰਗ ਲਈ ਸੀ, ਬਲਕਿ ਦਬਾਅ ਹੇਠ ਹੋਣ ਕਾਰਨ ਅਜਿਹੇ ਸ਼ਬਦ ਹੋਣ ਦੀ ਗੱਲ ਕਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋਏ। ਪੰਜ ਪਿਆਰਿਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਘੰਟਾ ਜੋੜਾ ਘਰ ਵਿਚ ਸੇਵਾ ਅਤੇ ਲੰਗਰ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਦਿੱਤੀ ਗਈ ਅਤੇ ਪੰਜ ਜਪਜੀ ਸਾਹਿਬ ਦੇ ਪਾਠ ਕਰਨ ਉਪਰੰਤ ਉਨ੍ਹਾਂ ਨੂੰ 500 ਰੁਪਏ ਕੜਾਹ ਪ੍ਰਸ਼ਾਦਿ ਦੀ ਅਰਦਾਸ ਕਰਵਾਉਣ ਦੇ ਆਦੇਸ਼ ਦਿੱਤੇ ਗਏ।
ਵਰਨਣਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਹਨ, ਜਿਨਾਂ ਨੂੰ ਇਕ ਔਰਤ ਨੂੰ ਗਾਲ੍ਹ ਕੱਢਣ ਉਤੇ ਧਾਰਮਿਕ ਸਜ਼ਾ ਲਗਾਈ ਗਈ ਹੈ।ਉਧਰ ਬੀਬੀ ਜਗੀਰ ਕੌਰ ਨੇ ਭਾਈ ਧਾਮੀ ਖਿਲਾਫ਼ ਵੂਮੈਨ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੋਈ ਹੈ।