ਪੰਜਾਬ ਪੁਲਿਸ ਵੱਲੋਂ ਹਿੰਦੂਤਵ ਦੀ ਸੇਵਾ ਵਿੱਚ ‘ਖਾਲਿਸਤਾਨ’ ਦੇ ਨਾਂ ’ਤੇ ਫਰਜ਼ੀ ਮੁਕਾਬਲਿਆਂ ਦਾ ਸਿਲਸਿਲਾ ਜਾਰੀ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 24 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਪੁਲਿਸ ਦੀ ਸਹਾਇਤਾ ਨਾਲ  ‘ਖਾਲਿਸਤਾਨ’ ਦੇ ਨਾਮ ਉਤੇ ਗੁਰਦਾਸਪੁਰ ਦੇ ਤਿੰਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਨਾ ਹਿੰਦੂਤਵ ਦੀ ਸੇਵਾ ਕਰਨਾ ਅਤੇ ਪੰਜਾਬ ਵਿੱਚ “ਵੱਖਵਾਦ ਦਾ ਭੂਤ” ਖੜ੍ਹਾ ਰੱਖਣ ਦੀ ਪੁਰਾਣੀ ਤਰਜ਼ ਦੀ ਕਾਰਵਾਈ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ,ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਜਾਰੀ ਸਾਂਝੇ ਬਿਆਨ ਵਿਚ  ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਾਰੇ ਗਏ ਨੌਜਵਾਨਾਂ ਨੂੰ ਜਿਸ “ਖਾਲਿਸਤਾਨ ਜ਼ਿੰਦਾਬਾਦ ਫੋਰਸ” ਨਾਲ ਜੁੜਿਆ ਦੱਸਿਆ ਗਿਆ, ਉਸ ਨਾਮ ਦੀ ਕੋਈ ਸਿੱਖ ਵੱਖਵਾਦੀ ਜਥੇਬੰਦੀ ਕਿਸੇ ਵੀ ਦੌਰ ਵਿੱਚ ਪੰਜਾਬ ਵਿੱਚ ਸਰਗਰਮ ਨਹੀਂ ਰਹੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਫੋਰਸ ਨੂੰ ਸਥਾਪਤ ਕਰਨ ਵਾਲਾ ਰਣਜੀਤ ਸਿੰਘ ਉਰਫ ਨੀਟਾ ਵੀ ਪੰਜਾਬ ਦਾ ਨਹੀਂ ਸਗੋਂ ਜੰਮੂ ਦਾ ਰਹਿਣ ਵਾਲਾ ਦੱਸਿਆ ਗਿਆ। ਇਉਂ ਲਗਦਾ ਹੈ ਕਿ ਇਹ ਫਰਜ਼ੀ ਜਥੇਬੰਦੀ ਸਰਕਾਰੀ ਏਜੰਸੀਆਂ ਨੇ “ਖਾਲਿਸਤਾਨ ਦਾ ਹਊਆ” ਭਾਰਤੀਆਂ ਅੰਦਰ ਕਾਇਮ ਰੱਖਣ ਲਈ ਹੀ ਮੀਡੀਆ ਵਿੱਚ ਖੜ੍ਹੀ ਕੀਤੀ ਹੋਈ ਹੈ।
ਮਾਰੇ ਗਏ ਤਿੰਨ ਨੌਜਵਾਨਾਂ, ਜਿਹਨਾਂ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਕ ਪੁਲਿਸ ਚੌਕੀ ਉੱਤੇ ਗ੍ਰੇਨੇਡ ਸੁੱਟਣ ਦੇ ਦੋਸ਼ੀ ਦੱਸਿਆ ਗਿਆ, ਉਹਨਾਂ ਵਿੱਚ ਦੋ ਦਿਹਾੜੀਦਾਰੀ ਮਜ਼ਦੂਰ ਦਲਿਤ ਪਰਿਵਾਰ ਨਾਲ ਸਬੰਧਤ ਸਨ, ਇਕ ਸਾਬਕਾ ਫੌਜੀ ਦਾ ਪੁੱਤਰ ਡਰਾਇਵਰ ਦੀ ਨੌਕਰੀ ਲੱਭ ਰਿਹਾ ਸੀ।ਤਿੰਨ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਦੀ ਤਫਸੀਲ 1990ਵੇਂ ਵਿੱਚ ਮਾਰੇ ਜਾਂਦੇ ਸਿੱਖ ਨੌਜਵਾਨਾਂ ਲਈ ਘੜੀਆਂ ਕਹਾਣੀਆਂ ਦੀ ਫੋਟੋ-ਕਾਪੀ ਹੈ। “ਮੁਕਾਬਲੇ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਹਸਪਤਾਲ ਵਿੱਚ ਦਮ ਤੋੜ ਗਏ ਅਤੇ ਉਹਨਾਂ ਕੋਲੋਂ ਦੋ ਏਕੇ 47 ਰਾਈਫਲਾਂ, ਦੋ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਰੂਦ ਬਰਾਮਦ ਹੋਇਆ।”
ਸਿਖ ਬੁੱਧੀਜੀਵੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ  ਹਿੰਦੂਤਵ ਦੀ ਸੇਵਾ ਹਿੱਤ ਸਿੱਖ ਘੱਟਗਿਣਤੀ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਅਤੇ ਪੰਜਾਬ ਵਿੱਚ ਸ਼ਾਂਤੀ ਨੂੰ ਕਾਇਮ ਰੱਖਣ ਲਈ ਝੂਠੇ ਪ੍ਰਚਾਰ ਅਤੇ ਪੁਰਾਣੇ ਤੌਰ ਦੀਆਂ ਝੂਠੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
ਹੋਰ ਪੜ੍ਹੋ 👉  ਸੁਖਬੀਰ ਬਾਦਲ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ASI ਜਸਬੀਰ ਸਿੰਘ ਤੇ ASI ਹੀਰਾ ਸਿੰਘ ਨੂੰ ਦਿੱਤਾ ਜਾਵੇ ਰਾਸ਼ਟਰਪਤੀ ਮੈਡਲ

Leave a Reply

Your email address will not be published. Required fields are marked *