ਚੰਡੀਗੜ੍ਹ, 24 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲੇ ਪੰਜ ਦਿਨਾ ਨਾਟ ਉਤਸਵ ਦੇ ਸਿਖ਼ਰਲੇ ਦਿਨ ਡਾ. ਆਤਮਜੀਤ ਦਾ ਨਾਟਕ ‘ਸਾਹਨੀ ਸੱਚ ਕਹਿੰਦਾ ਸੀ’ ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ। ਇਹ ਨਾਟਕ ਮਿੱਟੀ ਦੀ ਖ਼ੁਸ਼ਬੋ ਦੇ ਦੀਵਾਨੇ ਬਲਰਾਜ ਸਾਹਨੀ ਦੇ ਕਾਇਆਕਲਪ ਦੀ ਘਟਨਾ ਦੁਆਲ਼ੇ ਬੁਣਿਆ ਗਿਆ ਹੈ, ਜੋ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਮੱਤ ਤੋਂ ਪਹਿਲਾਂ ਪੰਜਾਬੀ ਹੋਣ ਦੇ ਬਾਵਜੂਦ ਹਿੰਦੀ ਵਿੱਚ ਸਾਹਿਤ ਸਿਰਜਣਾ ਕਰ ਰਹੇ ਸਨ।
ਇਹ ਨਾਟਕ ਉਨ੍ਹਾਂ ਲੋਕਾਂ ਦੀ ਸੁੱਤੀ ਹੋਈ ਚੇਤਨਾ ਜਗਾਉਂਦਾ ਹੈ, ਜਿਨ੍ਹਾਂ ਨੇ ਮਾਂ ਬੋਲੀ ਤੋਂ ਨਿੱਖੜ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੋਂ ਕਿਨਾਰਾ ਕਰ ਲਿਆ ਹੈ ਅਤੇ ਹੋਰਨਾਂ ਭਾਸ਼ਾਵਾਂ ਵੱਲ ਝੁਕ ਗਏ ਹਨ। ਇਹ ਨਾਟਕ ਮਾਂ-ਬੋਲੀ ਦੇ ਪਿਆਰ ਨੂੰ ਦੂਜੀਆਂ ਭਾਸ਼ਾਵਾਂ ਪ੍ਰਤੀ ਦੁਰਭਾਵਨਾ ਦੀ ਸੋਚ ਸਵੀਕਾਰ ਨਹੀਂ ਕਰਦਾ।
ਇਸ ਨਾਟਕ ਦੀ ਕਹਾਣੀ ਵਿਦੇਸ਼ ਜਾ ਵੱਸੇ ਪਰਿਵਾਰ ਵਿੱਚ ਵਾਪਰਦੀ ਹੈ, ਜਿਸਦੇ ਬਜ਼ੁਰਗ ਮਾਂ-ਬੋਲੀ ਤੇ ਸਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਹਨ, ਜਦਕਿ ਬੱਚੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਹੇਠ ਅਗਲੀ ਨਸਲ ਨੂੰ ਓਥੋਂ ਦੇ ਕਲਚਰ ਵਿੱਚ ਪੂਰੀ ਤਰ੍ਹਾਂ ਢਾਲਣ ਦੇ ਰਾਹ ਤੁਰ ਰਹੇ ਹਨ। ਉਹ ਆਪਣੇ ਬੱਚੇ ਨੂੰ ਅੰਗਰੇਜ਼ੀ ਦੇ ਲੜ ਲਾਉਣ ਲਈ ਤਰਲੋਮੱਛੀ ਹੋ ਰਹੇ ਹਨ। ਉਹ ਕਿਵੇਂ ਰਾਬਿੰਦਰ ਨਾਥ ਟੈਗੋਰ ਤੇ ਬਲਰਾਜ ਸਾਹਨੀ ਦੀ ਉਸ ਮੁਲਾਕਾਤ ਨੂੰ ਆਪਣੇ ਸਾਹਮਣੇ ਵਾਪਰਦੀ ਵੇਖ ਕੇ ਪੰਜਾਬੀ ਵੱਲ ਪਰਤਦੇ ਹਨ; ਇਹ ਅਦਾਕਾਰੀ ਕਰ ਰਹੇ ਕਲਾਕਾਰਾਂ ਨੇ ਬਖ਼ੂਬੀ ਦਰਸਾਇਆ ਹੈ।
ਇਸ ਨਾਟਕ ਦਾ ਵਿਸ਼ਾ ਕੌਮਾਤਰੀ ਪੱਧਰ ਦਾ ਹੈ ਅਤੇ ਭਾਰਤ ਵਰਗੇ ਬਹੁ-ਭਾਸ਼ਾਈ ਦੇਸ਼ ਲਈ ਹੋਰ ਵੀ ਮਹੱਤਵਪੂਰਨ ਹੈ, ਜਿਸਦੇ ਦੇ ਹਰ ਖਿੱਤੇ ਦੇ ਲੋਕ ਆਪੋ-ਆਪਣੀ ਮਾਂ-ਬੋਲੀ ਬੋਲਦੇ ਹਨ। ਇਸ ਗੰਭੀਰ ਨਾਟਕ ਲਈ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਸੀਨੀਅਰ ਅਦਾਕਾਰਾਂ ਦਾ ਸਹਿਯੋਗ ਲਿਆ ਗਿਆ ਹੈ, ਜਿਨ੍ਹਾਂ ਵਿੱਚ ਰਮਨ ਢਿੱਲੋਂ, ਜਸਬੀਰ ਢਿੱਲੋਂ, ਹਰਮਨਪਾਲ ਸਿੰਘ, ਸੰਨੀ ਗਿੱਲ, ਮੁਕੇਸ਼ ਚੰਦਿਆਨੀ, ਗੈਰੀ ਵੜੈਚ, ਸੁਪਨਦੀਪ ਕੌਰ ਵੜੈਚ ਤੇ ਅਰਮਾਨ ਸੰਧੂ ਸ਼ਾਮਲ ਹਨ। ਇਸ ਨਾਟਕ ਦਾ ਸੰਗੀਤ ਜਗਜੀਤ ਰਾਣਾ ਨੇ ਤਿਆਰ ਕੀਤਾ ਹੈ, ਜਿਸਨੂੰ ਸੁਮੀਤ ਸੇਖਾ ਐਗਜ਼ੀਕਿਊਟ ਕਰ ਰਹੇ ਸਨ। ਇਸਦੀ ਲਾਇਟਿੰਗ ਕਰਨ ਗੁਲਜ਼ਾਰ ਦੀ ਸੀ।