ਚੰਡੀਗੜ੍ਹ, 24 ਦਸੰਬਰ (ਖ਼ਬਰ ਖਾਸ ਬਿਊਰੋ)
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ‘ਆਪ’ ਸਰਕਾਰ ਵੱਲੋਂ ਰੇਤ ਦੀ ਖੁਦਾਈ ਤੋਂ ਵਾਧਾ ਕੀਤਾ ਹੋਇਆ ਮਾਲੀਆ ਪੈਦਾ ਕਰਨ ‘ਚ ਨਾਕਾਮ ਰਹਿਣ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਇਸ ‘ਤੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ।
ਬਾਜਵਾ ਨੇ ਕਿਹਾ, “ਅਰਵਿੰਦ ਕੇਜਰੀਵਾਲ ਨੇ ਦਸੰਬਰ 2021 ਵਿੱਚ ਫੜ ਮਾਰੀ ਸੀ ਕਿ ਪੰਜਾਬ ਰੇਤ ਦੀ ਖੁਦਾਈ ਤੋਂ ਸਾਲਾਨਾ 20,000 ਕਰੋੜ ਰੁਪਏ ਕਮਾ ਸਕਦਾ ਹੈ, ਪਰ ਅਸਲ ਮਾਲੀਆ 288 ਕਰੋੜ ਰੁਪਏ ਮਾਮੂਲੀ ਹੈ। ਬਾਕੀ 19,712 ਕਰੋੜ ਰੁਪਏ ਕਿੱਥੇ ਹਨ? ਇਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਬਾਜਵਾ ਨੇ ਕਿਹਾ ਕਿ’ਆਪ’ ਭ੍ਰਿਸ਼ਟਾਚਾਰ ਦੇ ਖ਼ਾਤਮੇ ਅਤੇ ਰਾਜ ਦੇ ਮਾਲੀਏ ਨੂੰ ਵਧਾਉਣ ਦੇ ਵਾਅਦਿਆਂ ‘ਤੇ ਸੱਤਾ ‘ਚ ਆਈ ਸੀ, ਪਰ ਜ਼ਮੀਨੀ ਹਕੀਕਤ ਵੱਖਰੀ ਕਹਾਣੀ ਬਿਆਨ ਕਰਦੀ ਹੈ। ਰੇਤ ਮਾਫੀਆ ਉਨ੍ਹਾਂ ਦੀ ਦੇਖਰੇਖ ‘ਚ ਵਧ-ਫੁੱਲ ਰਿਹਾ ਹੈ।
ਬਾਜਵਾ ਨੇ ਸੂਬੇ ਦੇ ਵਿਗੜ ਰਹੇ ਕਰਜ਼ੇ ਦੇ ਸੰਕਟ ਵੱਲ ਵੀ ਧਿਆਨ ਦਿਵਾਇਆ। “ਪੰਜਾਬ ਦਾ ਕਰਜ਼ਾ 2024-25 ਦੇ ਅੰਤ ਤੱਕ 3.74 ਲੱਖ ਕਰੋੜ ਰੁਪਏ ਨੂੰ ਪਾਰ ਕਰਨ ਦਾ ਅਨੁਮਾਨ ਹੈ। ਸਰਕਾਰ ਦਾ ਇਹ ਵਿੱਤੀ ਕੁਪ੍ਰਬੰਧ ਸਾਡੇ ਬੱਚਿਆਂ ਦੇ ਭਵਿੱਖ ਨੂੰ ਗਿਰਵੀ ਰੱਖ ਰਿਹਾ ਹੈ। ਖੁਸ਼ਹਾਲੀ ਲਿਆਉਣ ਦੀ ਬਜਾਏ, ‘ਆਪ’ ਪੰਜਾਬ ਨੂੰ ਕਰਜ਼ੇ ਵਿੱਚ ਡੂੰਘੀ ਡੁਬੋ ਰਹੀ ਹੈ।”
ਉਨ੍ਹਾਂ ਸਰਕਾਰ ਤੋਂ ਤੁਰੰਤ ਪਾਰਦਰਸ਼ਤਾ ਅਤੇ ਕਾਰਵਾਈ ਦੀ ਮੰਗ ਕੀਤੀ। ‘ਆਪ’ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਟੀਚੇ ਪੂਰੇ ਕਰਨ ‘ਚ ਨਾਕਾਮ ਕਿਉਂ ਰਹੀ ਹੈ। ਰੇਤ ਖੱਡਾਂ ਦਾ ਵਾਅਦਾ ਕੀਤਾ ਹੋਇਆ ਮਾਲੀਆ ਕਿੱਥੇ ਹੈ? ਉਨ੍ਹਾਂ ਨੇ ਵਧਦੇ ਕਰਜ਼ੇ ਨਾਲ ਨਜਿੱਠਣ ਦੀ ਕੀ ਯੋਜਨਾ ਬਣਾਈ ਹੈ? ਪੰਜਾਬ ਦੇ ਲੋਕ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਚੁੱਪ ਜਾਂ ਬਹਾਨੇ ਨੂੰ ਬਰਦਾਸ਼ਤ ਨਹੀਂ ਕਰਨਗੇ।
ਬਾਜਵਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਜਵਾਬਦੇਹ ਠਹਿਰਾਉਂਦੀ ਰਹੇਗੀ। “ਅਸੀਂ ਉਨ੍ਹਾਂ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।