ਮੋਹਾਲੀ 21 ਦਸੰਬਰ (ਖ਼ਬਰ ਖਾਸ ਬਿਊਰੋ)
ਸੋਹਾਣਾ ਵਿਖੇ ਚਾਰ ਮੰਜਲਾਂ ਇਮਾਰਤ ਡਿੱਗਣ ਨਾਲ ਮਲਬੇ ਹੇਠ ਦਰਜਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸਾਂ ਹੈ। ਖ਼ਬਰ ਲਿਖੇ ਜਾਣ ਤੱਕ ਦੋ ਵਿਅਕਤੀਆਂ ਨੂੰ ਹੀ ਬਾਹਰ ਕੱਢਿਆ ਗਿਆ ਹੈ। ਜਿਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਬਚਾਅ ਕਾਰਜ਼ਾ ਵਿਚ ਜੁਟੀ ਟੀਮ ਨੇ ਇਕ ਔਰਤ ਨੂੰ ਜਖਮੀ ਹਾਲਤ ਵਿਚ ਮਲਬੇ ਹੇਠਾਂ ਤੋ ਕੱਢਿਆ ਹੈ।
ਘਟਨਾਂ ਦੀ ਖਬਰ ਮਿਲਦੇ ਹੀ ਪੰਜਾਬ ਪੁਲਿਸ, ਐਨ.ਡ਼ੀ.ਆਰ.ਐਫ ਦੇ ਮੁਲਾਜ਼ਮ ਬਚਾਅ ਕਾਰਜ਼ਾ ਵਿਚ ਜੁਟ ਗਏ। ਚਾਰ ਮੰਜਿਲਾਂ ਇਮਾਰਤ ਡਿੱਗਣ ਕਾਰਨ ਪ੍ਰਸ਼ਾਸਨ ਨੇ ਫੌਜ ਨੂੰ ਮੱਦਦ ਲਈ ਬੁਲਾਇਆ ਹੈ।
ਜਾਣਕਾਰੀ ਅਨੁਸਾਰ ਸਨਿੱਚਰਵਾਰ ਸ਼ਾਮੀ ਸੋਹਾਣਾ ਸਥਿਤ ਇਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ ’ਤੇ ਜਿੰਮ ਚਲਦਾ ਸੀ । ਇਸਤੋ ਬਿਨਾਂ ਕਈ ਹੋਰ ਨਿੱਜੀ ਦਫ਼ਤਰ ਚੱਲ ਰਹੇ ਸਨ। ਦੱਸਿਆ ਜਾਂਦਾ ਹੈ ਕਿ ਜਿੰਮ ਦੇ ਮਾਲਕ ਵਲੋਂ ਇਮਾਰਤ ’ਚ ਬੈਸਮੇਂਟ ਤਿਆਰ ਕਰਨ ਲਈ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਤਾਸ਼ ਦੇ ਪੱਤਿਆ ਵਾਂਗ ਇਮਾਰਤ ਇਕਦਮ ਡਿੱਗ ਗਈ। ਵੱਡੀ ਇਮਾਰਤ ਡਿੱਗਣ ਕਾਰਨ ਆਲੇ ਦੁਆਲੇ ਸ਼ੋਰ ਪੈ ਗਿਆ। ਮਲਬੇ ’ਚ 20 ਦੇ ਕਰੀਬ ਲੋਕਾਂ ਦੇ ਦੱਬਣ ਦੀ ਚਰਚਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ, ਡਿਪਟੀ ਕਮਿਸ਼ਨਰ ਸਮੇਤ ਹੋਰ ਉਚ ਅਧਿਕਾਰੀ ਮੌਕੇ ਉਤੇ ਪੁੱਜੇ ਹੋਏ ਹਨ।