ਤਲਵੰਡੀ ਸਾਬੋ, 18 ਦਸੰਬਰ (ਖ਼ਬਰ ਖਾਸ ਬਿਊਰੋ)
ਸਾਬਕਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੇ ਦੋਸ਼ਾਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਬੁਧਵਾਰ ਨੂੰ ਮੀਡੀਆ ਦੇ ਰੂਬਰੂ ਹੋਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਉਹਨਾਂ ਦੀ ਕਿਰਦਾਰਕੁਸੀ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਸਿਰਫ਼ 27 ਸੈਕਿੰਡ ਦੀ ਵੀਡਿਓ ਕਲਿੱਪ ਵਾਇਰਲ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੇਕਰ ਡੇਢ ਘੰਟੇ ਦੀ ਵੀਡਿਓ ਦੇਖੀ ਜਾਵੇ ਤਾਂ ਲੋਕ ਕਹਿਣਗੇ ਕਿ ਤੁਸੀਂ ਅਜਿਹੇ ਬੰਦੇ ਖਿਲਾਫ਼ ਹੋਰ ਸਖ਼ਤ ਫੈਸਲਾ ਕਿਉਂ ਨਹੀਂ ਲਿਆ।
ਜਥੇਦਾਰ ਸਾਹਿਬ ਨੇ ਕਿਹਾ ਕਿ ਪਹਿਲਾਂ ਵਿਰਸਾ ਸਿੰਘ ਵਲਟੋਹਾ ਕਹਿੰਦੇ ਸਨ ਕਿ ਸਾਰੀ ਰਿਕਾਰਡਿੰਗ ਜਨਤਕ ਕੀਤੀ ਜਾਵੇ ਤੇ ਹੁਣ ਉਹ ਵੀ ਕਹਿੰਦੇ ਹਨ ਕਿ ਸਾਰੀ ਵੀਡਿਓ ਜਨਤਕ ਕੀਤੀ ਜਾਣੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਹੋਏ ਪੰਜ ਸਿੰਘ ਸਾਹਿਬਾਨ ਦੇ ਫੈਸਲੇਆਂ ਨੂੰ ਬਦਲਣ ਸਬੰਧੀ ਜੇਕਰ ਭਵਿੱਖ ਵਿੱਚ ਕੋਈ ਇਕੱਤਰਤਾ ਹੋਵੇਗੀ ਤੇ ਉਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ਼ਾਮਲ ਨਹੀਂ ਹੋਣਗੇ।
ਮਲਵਈਆ ਦੇ ਸੁਭਾਅ ਦਾ ਹਿੱਸਾ,ਮੂੰਹ ਚੋ ਸਾਲਾ ਨਿਕਲ ਜਾਂਦਾ
ਬੀਤੇ 15 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨਾਲ ਹੋਈ ਗੱਲਬਾਤ ਦੌਰਾਨ ਹੋਈ ਤਲਖੀ ਬਾਰੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਕਿਹਾ ਕਿ ਉਹ ਮਲਵਈ ਹਨ। ਮਲਵਈ ਅਕਸਰ ਗੱਲਬਾਤ ਵਿਚ ਸਾਲਾ ਸਾਲੀ ਕਹਿ ਦਿੰਦੇ ਹਨ। ਇਹ ਮਲਵਈਆਂ ਦੀ ਭਾਸ਼ਾ ਵਿੱਚ ਸ਼ਾਮਲ ਹੈ ਜੋ ਕੁਦਰਤੀ ਮੂੰਹੋਂ ਨਿਕਲ ਜਾਂਦਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਰਫ 27 ਸੈਕਿੰਡ ਦੀ ਵੀਡੀਓ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਾਰੀ ਰਿਕਾਰਡਿੰਗ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਟਾਫ, ਸਿਰੋਮਣੀ ਕਮੇਟੀ ਦੇ ਸਟਾਫ ਸਮੇਤ ਕਈਆਂ ਤੋ ਸਾਰੀ ਰਿਕਾਡਿੰਗ ਡਲੀਟ ਕਰਵਾਈ ਸੀ। ਸਿਰਫ਼ ਇਕ ਰਿਕਾਰਡਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ ਪਰ ਉਹ ਹੈਰਾਨ ਹਨ ਕਿ ਇਹ ਵੀਡੀਓ ਬਾਹਰ ਕਿਸ ਤਰਾਂ ਆ ਗਈ । ਉਹਨਾਂ ਕਿਹਾ ਕਿ ਪੂਰੀ ਵੀਡੀਓ ਡੇਢ ਘੰਟੇ ਦੇ ਕਰਬੀ ਹੈ ਹੁਣ ਉਹ ਕਹਿੰਦੇ ਹਨ ਕਿ ਇਸਨੂੰ ਜਨਤਕ ਕਰਨਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਸੰਗਤ ਇਸ ਵੀਡੀਓ ਨੂੰ ਦੇਖੇਗੀ ਜਾਂ ਸੁਣੇਗੀ ਤਾਂ ਕਹੇਗੀ ਕਿ ਇਸ ਬੰਦੇ (ਵਿਰਸਾ ਸਿੰਘ ਵਲਟੋਹਾ) ਖਿਲਾਫ ਹੋਰ ਸਖਤੀ ਕਿਉਂ ਨਹੀਂ ਕੀਤੀ ਗਈ।
ਅਸਤੀਫ਼ਾ ਨਹੀਂ ਦੇਵਾਂਗਾ ਹਟਾਉਣਾ ਹਟਾ ਦਿਓ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਆਪਣੀ ਰਿਹਾਇਸ਼ ਪਹਿਲਾਂ ਹੀ ਛੱਡ ਦਿ੍ਤੀ ਹੈ। ਆਪਣੇ ਬੱਚਿਆ ਨੂੰ ਪਹਿਲਾਂ ਹੀ ਕਿਤੇ ਹੋਰ ਥਾਂ ਸੈੱਟ ਕਰ ਲਿਆ ਹੈ। ਜਥੇਦਾਰ ਸਾਹਿਬ ਨੇ ਅਸਤੀਫ਼ਾ ਦੇਣ ਦੀਆਂ ਉਡ ਰਹੀਆਂ ਅਫ਼ਵਾਹਾਂ ਨੂੰ ਵਿਰਾਮ ਲਾਉਂਦਿਆ ਕਿਹਾ ਕਿ ਉਹ ਹੁਣ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੋ ਮਹੀਨੇ ਪਹਿਲਾਂ ਦਿੱਤਾ ਹੋਇਆ ਅਸਤੀਫਾ ਜੇਕਰ ਪ੍ਰਵਾਨ ਕਰਨਾ ਚਾਹੁੰਦੀ ਹੈ ਤਾਂ ਕਰ ਲਵੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਜੇਕਰ ਸ਼੍ਰੋਮਣੀ ਕਮੇਟੀ ਉਹਨਾਂ ਦੀਆਂ ਸੇਵਾਵਾਂ ਖਤਮ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਸਕਦੀ ਹੈ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਨੂੰ ਦਿੱਤੇ ਤਿੰਨ ਦਿਨ ਦੇ ਸਮੇਂ ਨੂੰ ਵਧਾਉਣ ਸਬੰਧੀ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਇਸ ਤਰ੍ਹਾਂ ਕਰਨ ਦੇ ਅਧਿਕਾਰ ਹਨ ਪਰ ਜੇਕਰ ਭਵਿੱਖ ਵਿੱਚ 2 ਦਸੰਬਰ ਨੂੰ ਹੋਏ ਫੈਸਲਿਆ ਨੂੰ ਬਦਲਣ ਸੰਬੰਧੀ ਕੋਈ ਇਕੱਤਰਤਾ ਸੱਦੀ ਜਾਵੇਗੀ ਤਾਂ ਉਹ ਸ਼ਾਮਿਲ ਨਹੀਂ ਹੋਣਗੇ।
ਜਥੇਦਾਰ ਨੇ ਨਜ਼ਾਇਜ ਸਬੰਧਾਂ ਨੂੰ ਨਕਾਰਿਆ
ਜਥੇਦਾਰ ਸਾਹਿਬ ਨੇ ਉਹਨਾਂ ਖਿਲਾਫ਼ ਕੀਤੇ ਜਾ ਰਹੇ ਕੂੜ ਪਰਚਾਰ ਬਾਰੇ ਕਿਹਾ ਕਿ ਉਹਨਾਂ ਦੇ ਕਦੇ ਵੀ ਨਜਾਇਜ਼, ਸ਼ਰੀਰਕ ਸਬੰਧ ਨਹੀਂ ਰਹੇ ਬਲਕਿ ਜਦੋਂ 1999 ਵਿਚ ਉਹਨਾਂ ਦਾ ਵਿਆਹ ਹੋਇਆ ਸੀ, ਉਹ (ਸਾਲੀ) ਅਠਵੀਂ ਕਲਾਸ ਦੀ ਵਿਦਿਆਰਥਣ ਸੀ। ਬਲਕਿ ਉਸਨੂੰ ਬੱਚਿਆ ਦੀ ਤਰਾਂ ਪੜ੍ਹਾਇਆ । ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਸਹੁਰਿਆ ਦੇ ਨਾਲ ਕਿਸੇ ਵੀ ਮਾਮਲੇ ਵਿਚ ਅਦਾਲਤ ਵਿਚ ਨਹੀਂ ਗਿਆ ਅਤੇ ਨਾ ਹੀ ਉਸ ਬੰਦੇ (ਸਾਢੂ) ਖਿਲਾਫ਼ ਕਿਸੇ ਨੂੰ ਕੋਈ ਸਿਫਾਰਸ਼ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਇਹ ਗੁਨਾਹ ਕੀਤੇ ਹਨ-
ਜਥੇਦਾਰ ਗਿਆਨੀ ਹਰਪ੍ਰੀਤ ਸਿੰੰਘ ਨੇ ਭਾਵੁਕ ਹੁੰਦੇ ਕਿਹਾ ਕਿ ਹਾਂ ਉਸਨੇ ਪਹਿਲਾਂ ਗੁਨਾਹ ਇਹ ਕੀਤਾ ਹੈ ਕਿ ਉਸਨੇ ਸਾਲੀ ਦੇ ਬੱਚਿਆ ਨੂੰ ਉੱਚ ਵਿਦਿਆ ਦੁਆਈ ਹੈ। ਇਕ ਬੇਟੀ ਵਿਦੇਸ਼ ਵਿਚ ਪੜ ਰਹੀ ਹੈ ਤੇ ਦੂਜੀ ਇਥੇ ਉਚ ਸਿ੍ਖਿਆ ਲੈ ਰਹੀ ਹੈ।
ਉਹਨਾਂ ਕਿਹਾ ਕਿ ਦੂਜਾ ਗੁਨਾਹ ਉਹਨਾਂ ਇਹ ਕੀਤਾ ਹੈ ਕਿ ਬੱਚਿਆ ਨੂੰ ਯਤੀਮ ਨਹੀਂ ਹੋਣ ਦਿੱਤਾ ਤੇ ਉਹਨਾਂ ਨੂੰ ਲੋਕਾਂ ਦੇ ਭਾਂਡੇ ਮਾਂਜਣ ਤੋਂ ਬਚਾ ਲਿਆ ਹੈ।
ਜਥੇਥਾਰ ਨੇ ਕਿਹਾ ਕਿ ਜੇਕਰ ਉਸਨੇ ਕੋਈ ਗਲਤ ਕੰਮ ਜਾਂ ਗੁਨਾਹ ਕੀਤਾ ਹੈ ਤਾਂ ਵਾਹਿਗੁਰੂ ਉਸਨੂੰ ਪਰਿਵਾਰ ਸਮੇਤ ਕਾਲਖ਼ (ਸੁਆਹ) ਕਰ ਦੇਵੇ । ਉਹਨਾਂ ਕਿਹਾ ਕਿ ਜਿਹੜੇ ਲੋਕ ਉਸਦੇ ਰਿਸ਼ਤੇਦਾਰ ਨੂੰ ਟੀਵੀ ਸਾਹਮਣੇ ਪੇਸ਼ ਕਰਨ ਲਈ ਲੈ ਕੇ ਆਏ ਹਨ ਵਾਹਿਗੁਰੂ ਉਸ ਚੰਗੇ ਬੰਦੇ ਵਰਗਾ (ਸਾਢੂ ਵਰਗਾ) ਪਤੀ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਵੀ ਦੇਵੇ।